ਅਚਾਨਕ ਹੋਈ ਸੀ ਅਤੀਕ-ਅਸ਼ਰਫ ਦੀ ਹੱਤਿਆ, ਜਾਂਚ ਕਮਿਸ਼ਨ ਦੀ ਯੂ.ਪੀ. ਸਰਕਾਰ ਨੂੰ ਕਲੀਨ ਚਿੱਟ
Thursday, Aug 01, 2024 - 11:32 PM (IST)
ਲਖਨਊ, (ਭਾਸ਼ਾ)- ਮਾਫੀਆ ਡਾਨ ਅਤੀਕ ਅਹਿਮਦ ਅਤੇ ਉਸ ਦੇ ਭਰਾ ਖਾਲਿਦ ਅਜ਼ੀਮ ਉਰਫ ਅਸ਼ਰਫ ਦੀ ਪ੍ਰਯਾਗਰਾਜ ’ਚ ਦਿਨ-ਦਿਹਾੜੇ ਪੁਲਸ ਕਸਟੱਡੀ ’ਚ ਹੋਈ ਹੱਤਿਆ ਅਤੇ ਅਤੀਕ ਦੇ ਬੇਟੇ ਅਸਦ ਸਮੇਤ ਤਿੰਨ ਮੁਲਜ਼ਮਾਂ ਦੀ ਪੁਲਸ ਮੁਕਾਬਲੇ ’ਚ ਹੋਈ ਮੌਤ ਦੇ ਮਾਮਲੇ ’ਚ ਗਠਿਤ ਕਮਿਸ਼ਨਾਂ ਨੇ ਪੁਲਸ ਨੂੰ ਦੋਵਾਂ ਹੀ ਮਾਮਲਿਆਂ ’ਚ ਕਲੀਨ ਚਿੱਟ ਦੇ ਦਿੱਤੀ ਹੈ।
ਇਲਾਹਾਬਾਦ ਹਾਈ ਕੋਰਟ ਦੇ ਸਾਬਕਾ ਚੀਫ ਜਸਟਿਸ ਦਲੀਪ ਬਾਬਾਸਾਹਿਬ ਭੌਂਸਲੇ ਦੀ ਪ੍ਰਧਾਨਗੀ ’ਚ ਗਠਿਤ ਪੰਜ ਮੈਂਬਰੀ ਨਿਆਇਕ ਕਮਿਸ਼ਨ ਨੇ ਅਤੀਕ-ਅਸ਼ਰਫ ਦੀ ਹੱਤਿਆ ’ਚ ਮੰਨਿਆ ਹੈ ਕਿ ਇਸ ’ਚ ਪੁਲਸ ਤੰਤਰ ਜਾਂ ਰਾਜ ਤੰਤਰ ਦਾ ਕੋਈ ਸਬੰਧ ਨਹੀਂ ਹੈ। ਸਬੂਤਾਂ ਤੋਂ ਕਮਿਸ਼ਨ ਨੂੰ ਇਹ ਲੱਗਾ ਕਿ ਇਹ ਘਟਨਾ ਅਚਾਨਕ ਹੋਈ ਸੀ। ਉੱਥੇ ਹੀ ਉਮੇਸ਼ ਪਾਲ ਹੱਤਿਆ ਕਾਂਡ ਦੇ ਮੁਲਜ਼ਮਾਂ ਅਸਦ, ਵਿਜੇ ਚੌਧਰੀ ਅਤੇ ਗੁਲਾਮ ਦਾ ਪੁਲਸ ਮੁਕਾਬਲਾ ਸੁਭਾਵਿਕ ਸੀ। ਪੁਲਸ ਪਾਰਟੀ ਨੇ ਆਤਮਰੱਖਿਆ ਦੇ ਅਧਿਕਾਰ ਤਹਿਤ ਹੀ ਮੁਲਜ਼ਮਾਂ ’ਤੇ ਗੋਲੀ ਚਲਾਈ।