ਖ਼ਪਤਕਾਰ ਕਮਿਸ਼ਨ ’ਚ ਟਰੱਸਟ ਦੀ ਦਲੀਲ ਬਣੀ ਮਜ਼ਾਕ, ਜ਼ਿੰਦਾ ਆਦਮੀ ਨੂੰ ਮਾਰ ਦਿੱਤਾ!
Sunday, Dec 14, 2025 - 04:28 PM (IST)
ਜਲੰਧਰ (ਚੋਪੜਾ)–ਜ਼ਿਲ੍ਹਾ ਖ਼ਤਕਾਰ ਵਿਵਾਦ ਨਿਪਟਾਊ ਕਮਿਸ਼ਨ ਨੇ ਜਲੰਧਰ ਇੰਪਰੂਵਮੈਂਟ ਟਰੱਸਟ ਨੂੰ ਸਖ਼ਤ ਫਿਟਕਾਰ ਲਾਉਦਿਆਂ ਐੱਲ. ਆਈ. ਜੀ. ਫਲੈਟ ਦੇ ਅਲਾਟੀ ਅਸ਼ੋਕ ਕੁਮਾਰ ਦੇ ਪੱਖ ਵਿਚ ਅਹਿਮ ਫ਼ੈਸਲਾ ਸੁਣਾਇਆ ਹੈ। ਕਮਿਸ਼ਨ ਨੇ ਆਪਣੇ ਹੁਕਮ ਵਿਚ ਸਪੱਸ਼ਟ ਕੀਤਾ ਕਿ ਟਰੱਸਟ ਨੇ ਨਾ ਸਿਰਫ਼ ਕਈ ਸਾਲਾਂ ਤਕ ਫਲੈਟ ਦਾ ਕਬਜ਼ਾ ਨਹੀਂ ਦਿੱਤਾ, ਸਗੋਂ ਮਾਮਲੇ ਤੋਂ ਬਚਣ ਲਈ ਇਕ ਹੈਰਾਨ ਕਰਨ ਵਾਲਾ ਤਰਕ ਵੀ ਪੇਸ਼ ਕੀਤਾ।
ਇਹ ਵੀ ਪੜ੍ਹੋ: ਮੁੱਖ ਮੰਤਰੀ ਭਗਵੰਤ ਮਾਨ ਨੇ ਪਿੰਡ ਮੰਗਵਾਲ 'ਚ ਪਤਨੀ ਸਣੇ ਪਾਈ ਵੋਟ
ਕਮਿਸ਼ਨ ਦੇ ਸਾਹਮਣੇ ਟਰੱਸਟ ਨੇ ਇਹ ਦਾਅਵਾ ਕੀਤਾ ਕਿ ਸ਼ਿਕਾਇਤ ਕਰਤਾ ਅਸ਼ੋਕ ਕੁਮਾਰ ਦੀ ਮੌਤ ਹੋ ਚੁੱਕੀ ਹੈ ਅਤੇ ਗੀਤਾ ਰਾਣੀ ਨਾਂ ਦੀ ਔਰਤ ਨੂੰ ਉਸ ਦੀ ਪਤਨੀ ਦੱਸਦੇ ਹੋਏ ਦਸਤਾਵੇਜ਼ ਪੇਸ਼ ਕੀਤਾ ਗਿਆ, ਹਾਲਾਂਕਿ ਕਮਿਸ਼ਨ ਨੇ ਪਾਇਆ ਕਿ ਡੈੱਥ ਸਰਟੀਫਿਕੇਟ ਵਿਚ ਪਿਤਾ ਦਾ ਨਾਂ ਅਤੇ ਪਤਾ ਵੱਖ ਸੀ। ਇਸ ਤੋਂ ਬਾਅਦ ਖ਼ੁਦ ਅਸ਼ੋਕ ਕੁਮਾਰ ਕਮਿਸ਼ਨ ਦੇ ਸਾਹਮਣੇ ਹਾਜ਼ਰ ਹੋਏ, ਜਿਸ ਤੋਂ ਇਹ ਸਾਫ਼ ਹੋ ਗਿਆ ਕਿ ਉਹ ਪੂਰੀ ਤਰ੍ਹਾਂ ਜ਼ਿੰਦਾ ਹਨ। ਕਮਿਸ਼ਨ ਨੇ ਇਸ ਨੂੰ ਟਰੱਸਟ ਦੀ ਵੱਡੀ ਲਾਪ੍ਰਵਾਹੀ ਅਤੇ ਗੁੰਮਰਾਹਕੁੰਨ ਰਵੱਈਆ ਕਰਾਰ ਦਿੱਤਾ।
ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਘਟਨਾ! ਸੰਘਣੀ ਆਬਾਦੀ ਵਾਲੇ ਬਾਜ਼ਾਰ 'ਚ ਕੱਪੜਿਆਂ ਦੀ ਦੁਕਾਨ ਨੂੰ ਲੱਗੀ ਅੱਗ
ਮਾਮਲੇ ਵਿਚ ਇਹ ਵੀ ਸਾਹਮਣੇ ਆਇਆ ਕਿ ਅਸ਼ੋਕ ਕੁਮਾਰ ਨੂੰ ਸਾਲ 2010 ਵਿਚ ਬੀਬੀ ਭਾਨੀ ਕੰਪਲੈਕਸ ਵਿਚ ਐੱਲ. ਆਈ. ਜੀ. ਫਲੈਟ ਅਲਾਟ ਕੀਤਾ ਗਿਆ ਸੀ ਅਤੇ ਉਨ੍ਹਾਂ 6.49 ਲੱਖ ਰੁਪਏ ਦੀ ਪੂਰੀ ਰਕਮ ਕਿਸ਼ਤਾਂ ਵਿਚ ਜਮ੍ਹਾ ਕਰਵਾ ਦਿੱਤੀ ਸੀ। ਇਸ ਦੇ ਬਾਵਜੂਦ 11 ਸਾਲ ਤੋਂ ਵੱਧ ਸਮੇਂ ਤਕ ਨਾ ਤਾਂ ਪੂਰੀਆਂ ਸਹੂਲਤਾਂ ਨਾਲ ਕਬਜ਼ਾ ਦਿੱਤਾ ਗਿਆ ਅਤੇ ਨਾ ਹੀ ਕੰਪਲੀਸ਼ਨ ਜਾਂ ਆਕਿਊਪੈਂਸੀ ਸਰਟੀਫਿਕੇਟ ਪੇਸ਼ ਕੀਤਾ ਗਿਆ। ਕਮਿਸ਼ਨ ਨੇ ਸੁਪਰੀਮ ਕੋਰਟ ਅਤੇ ਸਟੇਟ ਕਮਿਸ਼ਨ ਦੇ ਪਿਛਲੇ ਫ਼ੈਸਲਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅਧੂਰਾ ਜਾਂ ਪ੍ਰਤੀਕਾਤਮਕ ਕਬਜ਼ਾ ਜਾਇਜ਼ ਨਹੀਂ ਮੰਨਿਆ ਜਾ ਸਕਦਾ। ਇਸ ਲਈ ਕਮਿਸ਼ਨ ਨੇ ਟਰੱਸਟ ਨੂੰ ਹੁਕਮ ਦਿੱਤਾ ਕਿ ਉਹ ਜਮ੍ਹਾ ਰਾਸ਼ੀ 9 ਫੀਸਦੀ ਸਾਲਾਨਾ ਵਿਆਜ ਸਮੇਤ ਮੋੜੇ, ਨਾਲ ਹੀ 30 ਹਜ਼ਾਰ ਰੁਪਏ ਮਾਨਸਿਕ ਪ੍ਰੇਸ਼ਾਨੀ ਅਤੇ 10 ਹਜ਼ਾਰ ਰੁਪਏ ਮੁਕੱਦਮਾ ਖਰਚ ਦੇ ਰੂਪ ਵਿਚ ਅਦਾ ਕਰੇ। ਹੁਕਮ ਦੀ ਪਾਲਣਾ 45 ਦਿਨਾਂ ਵਿਚ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਇਹ ਵੀ ਪੜ੍ਹੋ: ਵੋਟਾਂ ਵਿਚਾਲੇ ਜਲੰਧਰ ਸ਼ਹਿਰ ਵਿਚ ਵੱਡਾ ਧਮਾਕਾ, ਇਕ ਦੀ ਮੌਤ
