ਸ਼ੈਫਾਲੀ ਆਈ. ਸੀ. ਸੀ. ਦੀ ਮਹੀਨੇ ਦੀ ਸਰਵੋਤਮ ਖਿਡਾਰਨ ਦੇ ਐਵਾਰਡ ਦੀ ਦੌੜ ’ਚ
Saturday, Dec 06, 2025 - 12:45 PM (IST)
ਦੁਬਈ– ਦੱਖਣੀ ਅਫਰੀਕਾ ਵਿਰੁੱਧ ਮਹਿਲਾ ਵਨ ਡੇ ਵਿਸ਼ਵ ਕੱਪ ਦੇ ਫਾਈਨਲ ਵਿਚ 87 ਦੌੜਾਂ ਦੀ ਤੇਜ਼ਤਰਾਰ ਪਾਰੀ ਖੇਡਣ ਤੇ ਦੋ ਮਹੱਤਵਪੂਰਨ ਵਿਕਟਾਂ ਲੈਣ ਵਾਲੀ ਭਾਰਤੀ ਕ੍ਰਿਕਟਰ ਸ਼ੈਫਾਲੀ ਵਰਮਾ ਨੂੰ ਨਵੰਬਰ ਮਹੀਨੇ ਲਈ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੀ ਸਰਵੋਤਮ ਖਿਡਾਰਨ ਦੇ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ।
ਸਲਾਮੀ ਬੱਲੇਬਾਜ਼ ਪ੍ਰਤਿਕਾ ਰਾਵਲ ਦੇ ਜ਼ਖ਼ਮੀ ਹੋਣ ਕਾਰਨ ਸ਼ੈਫਾਲੀ ਨੂੰ ਭਾਰਤੀ ਟੀਮ ਵਿਚ ਜਗ੍ਹਾ ਮਿਲੀ ਸੀ। ਉਸ ਨੂੰ ਫਾਈਨਲ ਵਿਚ ਸਰਵੋਤਮ ਖਿਡਾਰਨ ਚੁਣਿਆ ਗਿਆ ਸੀ ਤੇ ਹੁਣ ਉਹ ਮਹਿਲਾਵਾਂ ਦੇ ਐਵਾਰਡ ਲਈ ਨਾਮਜ਼ਦ ਕੀਤੀਆਂ ਗਈਆਂ 3 ਖਿਡਾਰਨਾਂ ਵਿਚ ਸ਼ਾਮਲ ਹੈ। ਮਹਿਲਾ ਵਰਗ ਦਾ ਐਵਾਰਡ ਹਾਸਲ ਕਰਨ ਲਈ ਉਸ ਨੂੰ ਸੰਯੁਕਤ ਅਰਬ ਅਮੀਰਾਤ ਦੀ ਈਸ਼ਾ ਓਝਾ ਤੇ ਥਾਈਲੈਂਡ ਦੀ ਥਿਪਾਚਾ ਪੁਥਾਵੋਂਗ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਇਨ੍ਹਾਂ ਦੋਵਾਂ ਨੇ ਬੈਂਕਾਕ ਵਿਚ ਪਹਿਲੀ ਆਈ. ਸੀ. ਸੀ. ਮਹਿਲਾ ਐਮਰਜਿੰਗ ਨੇਸ਼ਨਸ ਟਰਾਫੀ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ।
