ਜੱਜ ਤੈਅ ਨਹੀਂ ਕਰ ਸਕਦੇ ਕਿ ਕੌਣ ਸੱਚਾ ਭਾਰਤੀ ਹੈ : ਪ੍ਰਿਯੰਕਾ ਗਾਂਧੀ
Tuesday, Aug 05, 2025 - 12:26 PM (IST)

ਨਵੀਂ ਦਿੱਲੀ- ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸੁਪਰੀਮ ਕੋਰਟ ਵਲੋਂ ਰਾਹੁਲ ਗਾਂਧੀ ਦੇ ਫ਼ੌਜ ਨਾਲ ਸੰਬੰਧਤ ਇਕ ਬਿਆਨ ਨੂੰ ਲੈ ਕੇ ਨਾਖੁਸ਼ੀ ਜਤਾਏ ਜਾਣ ਦੇ ਇਕ ਦਿਨ ਬਾਅਦ ਮੰਗਲਵਾਰ ਨੂੰ ਕਿਹਾ ਕਿ ਜੱਜ ਇਹ ਤੈਅ ਨਹੀਂ ਕਰ ਸਕਦੇ ਕਿ ਕੌਣ ਸੱਚਾ ਭਾਰਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਹੋਣ ਦੇ ਨਾਤੇ ਰਾਹੁਲ ਗਾਂਧੀ ਦਾ ਫਰਜ਼ ਹੈ ਕਿ ਉਹ ਸਰਕਾਰ ਤੋਂ ਸਵਾਲ ਪੁੱਛਣ। ਪ੍ਰਿਯੰਕਾ ਗਾਂਧੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਦਾ ਭਰਾ ਫੌਜ ਦਾ ਬਹੁਤ ਸਤਿਕਾਰ ਕਰਦਾ ਹੈ ਪਰ ਉਨ੍ਹਾਂ ਦੀਆਂ ਟਿੱਪਣੀਆਂ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ।
ਸੁਪਰੀਮ ਕੋਰਟ ਨੇ ਦਸੰਬਰ 2022 'ਚ 'ਭਾਰਤ ਜੋੜੋ ਯਾਤਰਾ' ਦੌਰਾਨ ਫ਼ੌਜ ਬਾਰੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਲਖਨਊ ਦੀ ਇਕ ਅਦਾਲਤ 'ਚ ਰਾਹੁਲ ਖ਼ਿਲਾਫ਼ ਜਾਰੀ ਕਾਰਵਾਈ 'ਤੇ ਸੋਮਵਾਰ ਨੂੰ ਰੋਕ ਲਗਾ ਦਿੱਤੀ। ਹਾਲਾਂਕਿ ਅਦਾਲਤ ਨੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਤੋਂ ਨਾਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਕਿ ਜੇਕਰ ਉਹ ਸੱਚੇ ਭਾਰਤੀ ਹਨ ਤਾਂ ਅਜਿਹੀ ਗੱਲ ਨਹੀਂ ਕਹਿਣਗੇ। ਪ੍ਰਿਯੰਕਾ ਗਾਂਧੀ ਨੇ ਮੰਗਲਵਾਰ ਨੂੰ ਸੰਸਦ ਕੰਪਲੈਕਸ 'ਚ ਪੱਤਰਕਾਰਾਂ ਨੂੰ ਕਿਹਾ,''ਸੁਪਰੀਮ ਕੋਰਟ ਦੇ ਜੱਜਾਂ ਦਾ ਪੂਰਾ ਸਨਮਾਨ ਕਰਦੇ ਹੋਏ ਇਹ ਕਹਿਣਾ ਚਾਹੁੰਦੀ ਹਾਂ ਕਿ ਉਹ ਇਹ ਤੈਅ ਨਹੀਂ ਕਰ ਸਕਦੇ ਕਿ ਸੱਚਾ ਭਾਰਤੀ ਕੌਣ ਹੈ। ਇਹ ਵਿਰੋਧੀ ਧਿਰ ਦੇ ਨੇਤਾ ਦਾ ਕੰਮ ਅਤੇ ਕਰਤੱਵ ਹੈ ਕਿ ਸਰਕਾਰ ਤੋਂ ਪੁੱਛੇ ਅਤੇ ਉਸ ਨੂੰ ਚੁਣੌਤੀ ਦੇਵੇ।'' ਉਨ੍ਹਾਂ ਦਾ ਕਹਿਣਾ ਸੀ,''ਮੇਰਾ ਭਰਾ ਫ਼ੌਜ ਦੇ ਖ਼ਿਲਾਫ਼ ਕਦੇ ਕੁਝ ਨਹੀਂ ਕਹਿਣਗੇ। ਉਹ ਫ਼ੌਜ ਦਾ ਬਹੁਤ ਸਨਮਾਨ ਕਰਦੇ ਹਨ। ਇਸ ਲਈ (ਉਨ੍ਹਾਂ ਦੀ ਟਿੱਪਣੀ ਨੂੰ) ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8