ਭਾਰਤ ਕਿਸੇ ਦੀ ਦਾਦਾਗਿਰੀ ਤੋਂ ਨਹੀਂ ਡਰਦਾ ; ਨਾ ਦਬਾਅ ’ਚ ਆਉਂਦਾ ਹੈ : ਸ਼ਿਵਰਾਜ ਸਿੰਘ ਚੌਹਾਨ
Thursday, Aug 21, 2025 - 09:19 PM (IST)

ਨਵੀਂ ਦਿੱਲੀ, (ਭਾਸ਼ਾ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਭਾਰਤੀ ਉਤਪਾਦਾਂ ’ਤੇ 50 ਫੀਸਦੀ ਟੈਰਿਫ ਲਾਏ ਜਾਣ ਦੇ ਪਿਛੋਕੜ ’ਚ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵੀਰਵਾਰ ਨੂੰ ਕਿਹਾ ਕਿ ‘‘ਭਾਰਤ ਚੁਣੌਤੀਆਂ ਤੋਂ ‘ਘਬਰਾਉਂਦਾ ਨਹੀਂ’ ਹੈ, ਨਾ ਕਿਸੇ ਦੀ ‘ਦਾਦਾਗਿਰੀ’ ਤੋਂ ਡਰਦਾ ਹੈ ਅਤੇ ਨਾ ਹੀ ਦਬਾਅ ’ਚ ਆਉਂਦਾ ਹੈ, ਸਗੋਂ ‘ਅੱਖਾਂ ’ਚ ਅੱਖਾਂ ਪਾ ਕੇ ਗੱਲ ਕਰਦਾ ਹੈ।” ਚੌਹਾਨ ਨੇ ਦਿੱਲੀ ’ਚ ਪੂਸਾ ਸਥਿਤ ਕਰਮਚਾਰੀ ਸੰਕਲਪ ਸੰਮੇਲਨ ਨੂੰ ਸੰਬੋਧਨ ਕਰਦਿਆਂ ਇਹ ਟਿੱਪਣੀ ਕੀਤੀ।
ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਅਤੇ ਪੇਂਡੂ ਵਿਕਾਸ ਮੰਤਰੀ ਨੇ ‘ਆਤਮਨਿਰਭਰਤਾ’ ਦੀ ਜ਼ਰੂਰਤ ’ਤੇ ਜ਼ੋਰ ਦਿੰਦੇ ਹੋਏ ਸਪੱਸ਼ਟ ਕੀਤਾ ਕਿ ਮੋਦੀ ਸਰਕਾਰ ਲਈ ਰਾਸ਼ਟਰ ਹਿੱਤ ਅਤੇ ਕਿਸਾਨਾਂ ਦਾ ਹਿੱਤ ਸਭ ਤੋਂ ਉੱਪਰ ਹੈ, ਜਿਸ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧ ’ਚ ਖੇਤੀਬਾੜੀ ਵਿਭਾਗ ਨੇ ਆਪਣੀ ਗੱਲ ਪ੍ਰਧਾਨ ਮੰਤਰੀ ਸਾਹਮਣੇ ਰੱਖੀ ਸੀ ਤਾਂ ਜੋ ਕਿਸਾਨਾਂ ਦੇ ਹਿੱਤ ਸੁਰੱਖਿਅਤ ਰਹਿਣ। ਚੌਹਾਨ ਨੇ ਕਿਹਾ, “ਅਸੀਂ ਦੂਸਰਿਆਂ ’ਤੇ ਨਿਰਭਰ ਰਹਾਂਗੇ ਤਾਂ ਪੂਰੀ ਤਰ੍ਹਾਂ ਆਜ਼ਾਦ ਨਹੀਂ ਰਹਿ ਸਕਦੇ। ਅਸੀਂ ਆਤਮਨਿਰਭਰ ਭਾਰਤ ਬਣਾਉਣ ’ਚ ਸਹਿਯੋਗ ਕਰਾਂਗੇ।”