ਆਫ ਦਿ ਰਿਕਾਰਡ: JP ਨੱਢਾ ਕੋਲ ਹੈ ਮੁਸਕਰਾਉਣ ਦਾ ਕਾਰਨ

Wednesday, Jul 24, 2024 - 11:21 AM (IST)

ਆਫ ਦਿ ਰਿਕਾਰਡ: JP ਨੱਢਾ ਕੋਲ ਹੈ ਮੁਸਕਰਾਉਣ ਦਾ ਕਾਰਨ

ਨੈਸ਼ਨਲ ਡੈਸਕ- ਭਾਜਪਾ ਦੀ ਨੀਤੀ ਹੈ ਕਿ ਇਕ ਨੇਤਾ ਇਕ ਤੋਂ ਵੱਧ ਅਹੁਦੇ ’ਤੇ ਨਹੀਂ ਰਹਿ ਸਕਦਾ। ਬਹੁਤ ਹੀ ਦੁਰਲੱਭ ਹਾਲਾਤ ਨੂੰ ਛੱਡ ਕੇ ਇਸ ਨੀਤੀ ਦੀ ਦ੍ਰਿੜਤਾ ਨਾਲ ਪਾਲਣਾ ਕੀਤੀ ਜਾਂਦੀ ਰਹੀ ਹੈ ਅਤੇ ਜੇਕਰ ਇਸ ਵਿਚ ਢਿੱਲ ਵੀ ਦਿੱਤੀ ਜਾਂਦੀ ਹੈ ਤਾਂ ਉਹ ਬਹੁਤ ਘੱਟ ਸਮੇਂ ਲਈ ਹੁੰਦੀ ਹੈ। ਇਹ ਸਥਿਤੀ ਸਿਰਫ ਆਮ ਚੋਣਾਂ ਦੌਰਾਨ ਜਾਂ ਵੱਡੀਆਂ ਰਾਜ ਚੋਣਾਂ ਤੋਂ ਪਹਿਲਾਂ ਹੁੰਦੀ ਹੈ। ਜੇ. ਪੀ. ਨੱਢਾ ਸ਼ਾਇਦ ਭਾਜਪਾ ਦੇ 44 ਸਾਲਾਂ ਦੇ ਇਤਿਹਾਸ ਵਿਚ ਇਕਲੌਤੇ ਅਜਿਹੇ ਨੇਤਾ ਹਨ, ਜੋ ਅੱਜ ਤਿੰਨ ਭੂਮਿਕਾਵਾਂ ਨਿਭਾਅ ਰਹੇ ਹਨ; ਉਹ ਭਾਜਪਾ ਦੇ ਪ੍ਰਧਾਨ ਹਨ ਅਤੇ ਆਮ ਚੋਣਾਂ ਤੋਂ ਬਾਅਦ ਕੇਂਦਰੀ ਮੰਤਰੀ ਮੰਡਲ ਦਾ ਗਠਨ ਹੋਇਆ ਤਾਂ ਉਨ੍ਹਾਂ ਨੂੰ ਕੇਂਦਰੀ ਸਿਹਤ ਅਤੇ ਰਸਾਇਣ ਅਤੇ ਖਾਦ ਮੰਤਰੀ ਵਜੋਂ ਸ਼ਾਮਲ ਕੀਤਾ ਗਿਆ।

ਕੁਝ ਕਲਪਨਾ ਤੋਂ ਪਰ੍ਹੇ ਵੀ ਹੋਇਆ ਜਦੋਂ ਨੱਡਾ ਨੂੰ ਪੀ. ਐੱਮ. ਮੋਦੀ ਨੇ ਰਾਜ ਸਭਾ ’ਚ ਸੰਸਦੀ ਦਲ ਦਾ ਨੇਤਾ ਵੀ ਨਿਯੁਕਤ ਕਰ ਦਿੱਤਾ। ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਪੀਯੂਸ਼ ਗੋਇਲ ਲੋਕ ਸਭਾ ਲਈ ਚੁਣੇ ਗਏ ਅਤੇ ਉਨ੍ਹਾਂ ਨੂੰ ਰਾਜ ਸਭਾ ਵਿਚ ਪਾਰਟੀ ਨੇਤਾ ਦੇ ਰੂਪ ਵਿਚ ਆਪਣਾ ਅਹੁਦਾ ਛੱਡਣਾ ਪਿਆ। ਹਾਲਾਂਕਿ ਉਨ੍ਹਾਂ ਨੂੰ ਕੇਂਦਰੀ ਕੈਬਨਿਟ ਵਿਚ ਸ਼ਾਮਲ ਕੀਤਾ ਗਿਆ, ਪਰ ਉਨ੍ਹਾਂ ਨੇ ਰਾਜ ਸਭਾ ਵਿਚ ਪਾਰਟੀ ਨੇਤਾ ਦਾ ਅਹੁਦਾ ਗੁਆ ਦਿੱਤਾ।

ਭਾਜਪਾ ਹਾਈਕਮਾਂਡ ਅਸਥਾਈ ਆਧਾਰ ’ਤੇ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਨਿਯੁਕਤ ਕਰਨ ’ਤੇ ਵਿਚਾਰ ਕਰ ਰਹੀ ਸੀ ਪਰ ਕਈ ਕਾਰਨਾਂ ਕਰ ਕੇ ਇਹ ਪ੍ਰਸਤਾਵ ਆਪਣੇ ਤਰਕਪੂਰਨ ਸਿੱਟੇ ਤੱਕ ਨਹੀਂ ਪਹੁੰਚ ਸਕਿਆ। ਹੁਣ ਹਾਈਕਮਾਂਡ ਨੇ ਫੈਸਲਾ ਕੀਤਾ ਹੈ ਕਿ ਨੱਢਾ ਦਾ ਕਾਰਜਕਾਲ ਜਨਵਰੀ 2025 ਤੱਕ ਵਧਾਇਆ ਜਾਵੇ, ਕਿਉਂਕਿ ਚਾਰ ਸੂਬਿਆਂ- ਹਰਿਆਣਾ, ਮਹਾਰਾਸ਼ਟਰ, ਝਾਰਖੰਡ ਅਤੇ ਜੰਮੂ-ਕਸ਼ਮੀਰ ਵਿਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਇਸ ਤਰ੍ਹਾਂ ਨੱਢਾ ਨੇ ਇਤਿਹਾਸ ਰੱਚ ਦਿੱਤਾ ਹੈ ਅਤੇ ਉਨ੍ਹਾਂ ਕੋਲ ਮੁਸਕਰਾਉਣ ਦਾ ਕਾਰਨ ਹੈ।
 


author

Tanu

Content Editor

Related News