ਜੰਮੂ ਕਸ਼ਮੀਰ ਸੇਵਾ ਚੋਣ ਬੋਰਡ ਘਪਲਾ : CBI ਨੇ BSF ਦੇ ਮੈਡੀਕਲ ਅਫ਼ਸਰ ਨੂੰ ਕੀਤਾ ਗ੍ਰਿਫ਼ਤਾਰ

Wednesday, Oct 19, 2022 - 10:16 AM (IST)

ਜੰਮੂ ਕਸ਼ਮੀਰ ਸੇਵਾ ਚੋਣ ਬੋਰਡ ਘਪਲਾ : CBI ਨੇ BSF ਦੇ ਮੈਡੀਕਲ ਅਫ਼ਸਰ ਨੂੰ ਕੀਤਾ ਗ੍ਰਿਫ਼ਤਾਰ

ਨਵੀਂ ਦਿੱਲੀ/ਜੰਮੂ (ਭਾਸ਼ਾ)- ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਜੰਮੂ-ਕਸ਼ਮੀਰ ਸੇਵਾ ਚੋਣ ਬੋਰਡ (ਜੇ.ਕੇ.ਐੱਸ.ਐੱਸ.ਬੀ.) ਵਲੋਂ ਪੁਲਸ ਸਬ-ਇੰਸਪੈਕਟਰਾਂ ਦੀ ਭਰਤੀ 'ਚ ਬੇਨਿਯਮੀਆਂ ਦੇ ਦੋਸ਼ 'ਚ ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਦੇ ਮੈਡੀਕਲ ਅਫ਼ਸਰ ਕਰਨੈਲ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਿੰਘ ਨੂੰ ਮੰਗਲਵਾਰ ਨੂੰ ਹਿਰਾਸਤ 'ਚ ਲੈ ਲਿਆ ਗਿਆ ਅਤੇ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੀ.ਬੀ.ਆਈ. ਦੀ ਐੱਫ.ਆਈ.ਆਰ. 'ਚ ਜੰਮੂ-ਕਸ਼ਮੀਰ ਦੇ ਅਖਨੂਰ 'ਚ ਇਕ ਕੋਚਿੰਗ ਇੰਸਟੀਚਿਊਟ ਦੇ ਮਾਲਕ ਅਵਿਨਾਸ਼ ਗੁਪਤਾ ਅਤੇ ਬੈਂਗਲੁਰੂ ਦੀ ਇਕ ਕੰਪਨੀ ਦਾ ਵੀ ਨਾਮ ਸ਼ਾਮਲ ਹੈ। ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਜੁਲਾਈ 'ਚ ਬੇਨਿਯਮੀਆਂ ਦੇ ਦੋਸ਼ਾਂ ਤੋਂ ਬਾਅਦ ਪੁਲਸ ਸਬ-ਇੰਸਪੈਕਟਰ ਦੀ ਭਰਤੀ ਪ੍ਰਕਿਰਿਆ ਨੂੰ ਰੱਦ ਕਰ ਦਿੱਤਾ ਸੀ ਅਤੇ ਚੋਣ ਪ੍ਰਕਿਰਿਆ ਦੀ ਸੀ.ਬੀ.ਆਈ. ਜਾਂਚ ਦੀ ਸਿਫ਼ਾਰਿਸ਼ ਕੀਤੀ ਸੀ।

ਦੋਸ਼ ਹੈ ਕਿ 27 ਮਾਰਚ ਨੂੰ ਆਯੋਜਿਤ ਲਿਖਤੀ ਪ੍ਰੀਖਿਆ 'ਚ ਬੇਨਿਯਮੀਆਂ ਹੋਈਆਂ ਸਨ। 5 ਅਗਸਤ ਨੂੰ ਛਾਪੇਮਾਰੀ ਤੋਂ ਬਾਅਦ ਜਾਂਚ ਏਜੰਸੀ ਨੇ ਇਕ ਬਿਆਨ 'ਚ ਕਿਹਾ,“ਪ੍ਰੀਖਿਆ ਦੇ ਨਤੀਜਿਆਂ ਦਾ ਐਲਾਨ 4 ਜੂਨ 2022 ਨੂੰ ਹੋਇਆ ਸੀ। ਪ੍ਰੀਖਿਆ 'ਚ ਗੜਬੜੀ ਦੇ ਦੋਸ਼ ਲੱਗੇ ਸਨ। ਜੰਮੂ-ਕਸ਼ਮੀਰ ਸਰਕਾਰ ਨੇ ਮਾਮਲੇ ਦੀ ਜਾਂਚ ਕਮੇਟੀ ਦਾ ਗਠਨ ਕੀਤਾ ਸੀ। ਦੋਸ਼ ਸਨ ਕਿ ਮੁਲਜ਼ਮਾਂ ਨੇ ਜੇ.ਕੇ.ਐੱਸ.ਐੱਸ.ਬੀ. ਦੇ ਅਧਿਕਾਰੀਆਂ, ਬੈਂਗਲੁਰੂ ਦੀ ਨਿੱਜੀ ਕੰਪਨੀ, ਲਾਭਪਾਤਰੀ ਉਮੀਦਵਾਰਾਂ ਅਤੇ ਹੋਰਾਂ ਨਾਲ ਮਿਲ ਕੇ ਸਾਜ਼ਿਸ਼ ਰਚੀ ਅਤੇ ਸਬ-ਇੰਸਪੈਕਟਰ ਦੇ ਅਹੁਦੇ ਲਈ ਦਿੱਤੀ ਗਈ ਲਿਖਤੀ ਪ੍ਰੀਖਿਆ 'ਚ ਵੱਡੇ ਪੱਧਰ 'ਤੇ ਬੇਨਿਯਮੀਆਂ ਕੀਤੀਆਂ। ਬਿਆਨ 'ਚ ਕਿਹਾ ਗਿਆ ਹੈ ਕਿ ਜਾਂਚ ਰਿਪੋਰਟ 'ਚ ਇਹ ਪਤਾ ਲੱਗਾ ਕਿ ਜੰਮੂ, ਰਾਜੌਰੀ ਅਤੇ ਸਾਂਬਾ ਜ਼ਿਲ੍ਹਿਆਂ ਤੋਂ ਚੁਣੇ ਗਏ ਉਮੀਦਵਾਰਾਂ ਦੀ ਆਮ ਰੂਪ ਤੋਂ ਵੱਧ ਫੀਸਦੀ ਸੀ। ਇਸ ਦੇ ਅਨੁਸਾਰ,"ਪ੍ਰਸ਼ਨ ਪੱਤਰ ਤਿਆਰ ਕਰਨ ਦਾ ਕੰਮ ਬੈਂਗਲੁਰੂ ਸਥਿਤ ਇਕ ਨਿੱਜੀ ਕੰਪਨੀ ਨੂੰ ਸੌਂਪੇ ਜਾਣ 'ਚ ਵੀ ਜੇ.ਕੇ.ਐੱਸ.ਐੱਸ.ਬੀ. ਵਲੋਂ ਨਿਯਮਾਂ ਦੀ ਉਲੰਘਣਾ ਪਾਈ ਗਈ।''


author

DIsha

Content Editor

Related News