ਝਾਰਖੰਡ ਰੋਪਵੇਅ ਹਾਦਸਾ : ਫਸੇ ਹੋਏ ਸਾਰੇ ਸੈਲਾਨੀਆਂ ਨੂੰ ਸੁਰੱਖਿਅਤ ਕੱਢਿਆ ਗਿਆ, ਇਕ ਔਰਤ ਹੈਲੀਕਾਪਟਰ ਤੋਂ ਡਿੱਗੀ

04/12/2022 4:04:27 PM

ਦੇਵਘਰ (ਭਾਸ਼ਾ)- ਝਾਰਖੰਡ ਦੇ ਦੇਵਘਰ ਜ਼ਿਲ੍ਹੇ 'ਚ ਕੇਬਲ ਕਾਰਾਂ 'ਚ ਫਸੇ ਸਾਰੇ ਸੈਲਾਨੀਆਂ ਨੂੰ ਬਚਾ ਲਿਆ ਗਿਆ ਹੈ, ਜਦੋਂ ਕਿ ਕੇਬਲ ਕਾਰ ਤੋਂ ਹੈਲੀਕਾਪਟਰ 'ਚ ਸਵਾਰ ਹੋਣ ਦੌਰਾਨ ਹੇਠਾਂ ਡਿੱਗਣ ਕਾਰਨ ਇਕ ਔਰਤ ਦੀ ਮੌਤ ਹੋ ਗਈ। ਇਸ ਘਟਨਾ 'ਚ ਮਰਨ ਵਾਲਿਆਂ ਦੀ ਗਿਣਤੀ ਤਿੰਨ ਹੋ ਗਈ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਬਾਕੀ ਬਚੇ 15 ਸੈਲਾਨੀਆਂ 'ਚੋਂ 14 ਨੂੰ ਹਵਾਈ ਫ਼ੌਜ ਦੇ ਹੈਲੀਕਾਪਟਰਾਂ ਵਲੋਂ ਕੇਬਲ ਕਾਰਾਂ 'ਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇਸ ਦੇ ਨਾਲ ਹੀ ਬਚਾਅ ਮੁਹਿੰਮ ਸਮਾਪਤ ਹੋ ਗਈ। ਇਹ ਸਾਰੇ ਲੋਕ ਕਰੀਬ 40 ਘੰਟਿਆਂ ਤੱਕ ਤ੍ਰਿਕੂਟ ਪਹਾੜੀਆਂ 'ਤੇ ਰੋਪਵੇਅ 'ਤੇ ਫਸੇ ਰਹੇ। ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਸ ਆਰ. ਦੇ. ਮਲਿਕ ਨੇ ਦੱਸਿਆ,''ਕੇਬਲ ਕਾਰਾਂ 'ਚ ਫਸੇ ਬਾਕੀ 15 ਲੋਕਾਂ 'ਚੋਂ 14 ਨੂੰ ਬਚਾ ਲਿਆ ਗਿਆ ਹੈ, ਜਦਕਿ ਬਚਾਅ ਮੁਹਿੰਮ ਦੌਰਾਨ ਇਕ ਔਰਤ ਹੈਲੀਕਾਪਟਰ ਤੋਂ ਹੇਠਾਂ ਡਿੱਗ ਗਈ।'' ਸ਼ਾਹੀ ਨੇ ਦੱਸਿਆ ਕਿ ਸ਼ੋਭਾ ਦੇਵੀ ਨਾਂ ਦੀ 60 ਸਾਲਾ ਔਰਤ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਇਹ ਵੀ ਪੜ੍ਹੋ : ਰੋਪਵੇਅ ਹਾਦਸਾ: ਹਵਾ ’ਚ ਅਟਕੀਆਂ 29 ਜ਼ਿੰਦਗੀਆਂ ’ਚੋਂ ਇਸ ਬੱਚੀ ਨੇ ਵਿਖਾਈ ਬਹਾਦਰੀ, ਇੰਝ ਮਿਲੀ ਨਵੀਂ ਜ਼ਿੰਦਗੀ

ਮਲਿਕ ਨੇ ਕਿਹਾ ਕਿ ਬਚਾਏ ਗਏ ਲੋਕਾਂ ਨੂੰ ਹਸਪਤਾਲ ਭੇਜਿਆ ਗਿਆ ਹੈ, ਜਿੱਥੇ ਉਨ੍ਹਾਂ ਦੀ ਜਾਂਚ ਕੀਤੀ ਜਾਵੇਗੀ। ਤਕਨੀਕੀ ਖਰਾਬੀ ਕਾਰਨ ਐਤਵਾਰ ਨੂੰ ਕੇਬਲ ਕਾਰਾਂ ਦੇ ਟਕਰਾਉਣ ਤੋਂ ਬਾਅਦ ਰੋਪਵੇਅ 'ਤੇ ਫਸੇ 60 ਤੋਂ ਵੱਧ ਲੋਕਾਂ ਨੂੰ ਬਚਾਏ ਜਾਣ ਤੋਂ ਬਾਅਦ ਬਚਾਅ ਕਾਰਜ ਹੁਣ ਖ਼ਤਮ ਹੋ ਗਿਆ ਹੈ। ਹਵਾਈ ਫ਼ੌਜ ਦੇ 2 ਹੈਲੀਕਾਪਟਰਾਂ ਦੀ ਮਦਦ ਨਾਲ ਸਾਰਿਆਂ ਨੂੰ ਬਾਹਰ ਕੱਢਿਆ ਗਿਆ। ਬਚਾਅ ਕਾਰਜਾਂ ਦੌਰਾਨ ਸੋਮਵਾਰ ਅਤੇ ਮੰਗਲਵਾਰ ਨੂੰ ਹੈਲੀਕਾਪਟਰ ਦੀ ਲਪੇਟ 'ਚ ਆਉਣ ਵਾਲੇ 2 ਸੈਲਾਨੀਆਂ ਸਮੇਤ ਹੁਣ ਤੱਕ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ, ਜਦੋਂਕਿ 12 ਜ਼ਖ਼ਮੀਆਂ ਦਾ ਹਸਪਤਾਲਾਂ 'ਚ ਇਲਾਜ ਚੱਲ ਰਿਹਾ ਹੈ। ਬਚਾਅ ਕਾਰਜ ਹਵਾਈ ਫ਼ੌਜ, ਫ਼ੌਜ, ਇੰਡੋ-ਤਿੱਬਤੀਅਨ ਬਾਰਡਰ ਪੁਲਸ (ਆਈ.ਟੀ.ਬੀ.ਪੀ.), ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨ.ਡੀ.ਆਰ.ਐਫ.) ਅਤੇ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਸਾਂਝੇ ਤੌਰ 'ਤੇ ਚਲਾਇਆ ਗਿਆ ਸੀ। ਕੇਬਲ ਕਾਰਾਂ 'ਚ ਫਸੇ ਲੋਕਾਂ ਨੂੰ ਡਰੋਨ ਰਾਹੀਂ ਭੋਜਨ ਅਤੇ ਪਾਣੀ ਦੀ ਸਪਲਾਈ ਕੀਤੀ ਗਈ। ਮੁੱਖ ਮੰਤਰੀ ਹੇਮੰਤ ਸੋਰੇਨ ਨੇ ਘਟਨਾ ਦੀ ਉੱਚ ਪੱਧਰੀ ਜਾਂਚ ਦਾ ਐਲਾਨ ਕੀਤਾ ਹੈ। ਸੋਰੇਨ ਨੇ ਕਿਹਾ,''ਰਾਜ ਸਰਕਾਰ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਹੀ ਹੈ।'' ਰਾਜਪਾਲ ਰਮੇਸ਼ ਬੈਸ ਨੇ ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਡੂੰਘੀ ਹਮਦਰਦੀ ਪ੍ਰਗਟ ਕੀਤੀ ਅਤੇ ਜ਼ਖ਼ਮੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕੀਤੀ। ਝਾਰਖੰਡ ਸੈਰ-ਸਪਾਟਾ ਵਿਭਾਗ ਦੇ ਅਨੁਸਾਰ, ਤ੍ਰਿਕੂਟ ਰੋਪਵੇਅ ਭਾਰਤ ਦਾ ਸਭ ਤੋਂ ਉੱਚਾ ਰੋਪਵੇਅ ਹੈ। ਇਹ ਲਗਭਗ 766 ਮੀਟਰ ਲੰਬਾ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News