ਥਾਈਲੈਂਡ ''ਚ ਫੜਿਆ ਗਿਆ ਮੋਸਟ ਵਾਂਟੇਡ ਗੈਂਗਸਟਰ ! ਭਾਰਤ ਕੀਤਾ ਗਿਆ ਡਿਪੋਰਟ
Saturday, Apr 11, 2026 - 03:02 PM (IST)
ਨਵੀਂ ਦਿੱਲੀ- ਹਰਿਆਣਾ ਦੇ ਇਕ ਮੋਸਟ ਵਾਂਟੇਡ ਅਪਰਾਧੀ ਨੂੰ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਤੋਂ ਭਾਰਤ ਵਾਪਸ ਲਿਆਂਦਾ ਗਿਆ ਹੈ। ਉਹ ਅਪਰਾਧੀ ਸਾਹਿਲ ਚੌਹਾਨ ਵਿਦੇਸ਼ ਦੌੜ ਗਿਆ ਸੀ। ਇਸ ਕਾਰਵਾਈ ਨੂੰ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਅਤੇ ਇੰਟਰਪੋਲ ਦੀ ਮਦਦ ਨਾਲ ਅੰਜਾਮ ਦਿੱਤਾ ਗਿਆ। ਸੀਬੀਆਈ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ,''ਵਿਦੇਸ਼ ਮੰਤਰਾਲਾ ਅਤੇ ਗ੍ਰਹਿ ਮੰਤਰਾਲਾ ਦੇ ਸਹਿਯੋਗ ਨਾਲ ਅਸੀਂ 10 ਅਪ੍ਰੈਲ ਨੂੰ ਲੋੜੀਂਦੇ ਫਰਾਰ ਅਪਰਾਧੀ ਸਾਹਿਲ ਚੌਹਾਨ ਨੂੰ ਥਾਈਲੈਂਡ ਤੋਂ ਸਫਲਤਾਪੂਰਵਕ ਭਾਰਤ ਵਾਪਸ ਲਿਆਉਣ ਦਾ ਇੰਤਜ਼ਾਮ ਕੀਤਾ ਹੈ।'' ਹਰਿਆਣਾ ਪੁਲਸ ਨੂੰ ਕਤਲ, ਕਤਲ ਦੀ ਕੋਸ਼ਿਸ਼, ਡਕੈਤੀ ਅਤੇ ਗੈਰ-ਕਾਨੂੰਨੀ ਹਥਿਆਰਾਂ ਦੇ ਇਸਤੇਮਾਲ ਨਾਲ ਜੁੜੇ ਕਈ ਮਾਮਲਿਆਂ 'ਚ ਸਾਹਿਲ ਚੌਹਾਨ ਦੀ ਤਲਾਸ਼ ਸੀ। ਉਹ ਲੋੜੀਂਦਾ ਭੂਪੀ ਰਾਣਾ ਗੈਂਗ ਦਾ ਇਕ ਮੁੱਖ ਮੈਂਬਰ ਹੈ, ਜੋ ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ 'ਚ ਸਰਗਰਮ ਹੈ। 4 ਜਨਵਰੀ 2017 ਨੂੰ ਚੌਹਾਨ ਨੇ ਜਗਾਧਰੀ ਕੋਰਟ ਕੰਪਲੈਕਸ (ਯਮੁਨਾਨਗਰ, ਹਰਿਆਣਾ) 'ਚ ਗੈਂਗ ਰੰਜਿਸ਼ ਕਾਰਨ ਮੋਨੂੰ ਰਾਣਾ 'ਤੇ ਉਸ ਸਮੇਂ ਫਾਇਰਿੰਗ ਕੀਤੀ ਸੀ, ਜਦੋਂ ਉਸ ਨੂੰ ਪੈਂਡਿੰਗ ਅਪਰਾਧਕ ਮਾਮਲਿਆਂ 'ਚ ਸੁਣਵਾਈ ਲਈ ਅਦਾਲਤ 'ਚ ਪੇਸ਼ ਕੀਤਾ ਗਿਆ ਸੀ।
ਇਸ ਮਾਮਲੇ 'ਚ ਉਸ ਖ਼ਿਲਾਫ਼ ਚਾਰਜਸ਼ੀਟ ਦਾਖਲ ਕੀਤੀ ਗਈ ਸੀ ਅਤੇ ਉਸ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਸੀ। ਹਾਲਾਂਕਿ, ਜ਼ਮਾਨਤ 'ਤੇ ਰਿਹਾਅ ਹੋਣ ਤੋਂ ਬਾਅਦ ਉਹ ਫਰਾਰ ਹੋ ਗਿਆ ਅਤੇ ਵਿਦੇਸ਼ ਦੌੜ ਗਿਆ। ਹਰਿਆਣਾ ਪੁਲਸ ਦੀ ਅਪੀਲ 'ਤੇ ਨਵੀਂ ਦਿੱਲੀ ਸਥਿਤ ਰਾਸ਼ਟਰੀ ਕੇਂਦਰੀ ਬਿਊਰੋ (ਐੱਨਸੀਬੀ) ਨੇ ਇੰਟਰਪੋਲ ਦੇ ਮਾਧਿਅਮ ਨਾਲ ਚੌਹਾਨ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕਰਵਾਇਆ। ਇਸ ਤੋਂ ਬਾਅਦ ਚੌਹਾਨ ਨੂੰ ਬੈਂਕਾਕ 'ਚ ਲੋਕੇਟ ਕੀਤਾ ਗਿਆ ਅਤੇ ਉਸ ਨੂੰ ਭਾਰਤ ਡਿਪੋਰਟ ਕਰ ਦਿੱਤਾ ਗਿਆ। ਉਹ ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚਿਆ, ਜਿੱਥੇ ਹਰਿਆਣਾ ਪੁਲਸ ਦੀ ਟੀਮ ਨੇ ਉਸ ਨੂੰ ਹਿਰਾਸਤ 'ਚ ਲੈ ਲਿਆ। ਸੀਬੀਆਈ ਅਧਿਕਾਰੀ ਨੇ ਅੱਗੇ ਦੱਸਿਆ ਕਿ ਭਾਰਤ 'ਚ ਇੰਟਰਪੋਲ ਦੇ ਰਾਸ਼ਟਰੀ ਕੇਂਦਰੀ ਬਿਊਰੋ ਵਜੋਂ ਏਜੰਸੀ ਭਾਰਤਪੋਲ ਰਾਹੀਂ ਸਾਰੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਤਾਲਮੇਲ ਕੀਤਾ ਜਾਂਦਾ ਹੈ। ਅਜਿਹੀਆਂ ਕੋਸ਼ਿਸ਼ਾਂ ਦੇ ਅਧੀਨ ਹਾਲ ਦੇ ਸਾਲਾਂ 'ਚ 150 ਤੋਂ ਵੱਧ ਲੋੜੀਂਦੇ ਅਪਰਾਧੀਆਂ ਨੂੰ ਭਾਰਤ ਵਾਪਸ ਲਿਆਂਦਾ ਜਾ ਚੁੱਕਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
