ਗਹਿਣਿਆਂ ਦੇ ਸ਼ੋਅਰੂਮ ''ਚ ਦਾਖਲ ਹੋਏ ਲੁਟੇਰੇ, 8 ਕਰੋੜ ਦੇ ਗਹਿਣੇ ਲੁੱਟ ਕੇ ਹੋਏ ਫ਼ਰਾਰ
Monday, Mar 10, 2025 - 03:23 PM (IST)

ਭੋਜਪੁਰ- ਗਹਿਣਿਆਂ ਦੇ ਸ਼ੋਅਰੂਮ ਵਿਚ ਬਦਮਾਸ਼ਾਂ ਨੇ ਕਰੋੜਾਂ ਰੁਪਏ ਦੀ ਚੋਰੀ ਨੂੰ ਅੰਜਾਮ ਦਿੱਤਾ। ਦਰਅਸਲ ਬਦਮਾਸ਼ ਸ਼ੋਅਰੂਮ ਵਿਚ ਅਚਾਨਕ ਦਾਖਲ ਹੋ ਗਏ ਅਤੇ 8 ਕਰੋੜ ਰੁਪਏ ਦੇ ਗਹਿਣਿਆਂ 'ਤੇ ਹੱਥ ਸਾਫ਼ ਕਰ ਗਏ। ਬਦਮਾਸ਼ ਸ਼ੋਅਰੂਮ 'ਚ ਮੌਜੂਦ ਲੋਕਾਂ ਨੂੰ ਪਿਸਤੌਲ ਨਾਲ ਡਰਾਉਂਦੇ ਹੋਏ ਇਕ ਕੋਨੇ 'ਚ ਲੈ ਕੇ ਚੱਲੇ ਗਏ। ਨਾਲ ਹੀ ਸ਼ੋਅਰੂਮ ਦੇ ਸੁਰੱਖਿਆ ਕਰਮੀਆਂ ਤੋਂ ਉਨ੍ਹਾਂ ਦੇ ਹਥਿਆਰ ਵੀ ਖੋਹ ਲਏ। ਉਸ ਤੋਂ ਬਾਅਦ ਬਦਮਾਸ਼ਾਂ ਨੇ ਲੁੱਟ-ਖੋਹ ਨੂੰ ਅੰਜਾਮ ਦਿੱਤਾ। ਜਾਣਕਾਰੀ ਮੁਤਾਬਕ ਬਦਮਾਸ਼ਾਂ ਨੇ ਲੱਗਭਗ 8 ਕਰੋੜ ਰੁਪਏ ਦੇ ਗਹਿਣਿਆਂ ਦੀ ਚੋਰੀ ਕੀਤੀ ਹੈ। ਇਹ ਵਾਰਦਾਤ ਬਿਹਾਰ ਦੇ ਭੋਜਪੁਰ 'ਚ ਵਾਪਰੀ।
ਇਸ ਘਟਨਾ ਤੋਂ ਬਾਅਦ ਪੁਲਸ ਨੂੰ ਫੋਨ ਕਰ ਕੇ ਜਾਣਕਾਰੀ ਦਿੱਤੀ ਗਈ। ਪੁਲਸ ਘਟਨਾ ਵਾਲੀ ਥਾਂ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਂਚ ਲਈ ਸ਼ੋਅਰੂਮ ਨੂੰ ਸੀਲ ਕਰ ਦਿੱਤਾ ਗਿਆ ਹੈ। ਘਟਨਾ ਦਾ ਸੀ. ਸੀ. ਟੀ. ਵੀ. ਫੁਟੇਜ਼ ਸਾਹਮਣੇ ਆਇਆ। ਜਿਸ ਦੇ ਆਧਾਰ 'ਤੇ ਪੁਲਸ ਬਦਮਾਸ਼ਾਂ ਦੀ ਪਛਾਣ ਕਰ ਰਹੀ ਹੈ। ਬਦਮਾਸ਼ਾਂ ਨੇ ਸੁਰੱਖਿਆ ਕਰਮੀਆਂ 'ਤੇ ਪਿਸਤੌਲ ਤਾਣ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇੱਥੋਂ ਤੱਕ ਬਦਮਾਸ਼ ਜਾਂਦੇ-ਜਾਂਦੇ ਸੁਰੱਖਿਆ ਕਰਮੀਆਂ ਦੇ ਹਥਿਆਰ ਵੀ ਆਪਣੇ ਨਾਲ ਲੈ ਗਏ।