ਪਾਕਿ ਦੀ ਫਾਇਰਿੰਗ: ਜਵਾਨ ਸ਼ਹੀਦ, ਪਤਨੀ ਦੀ ਵੀ ਮੌਤ
Saturday, Jul 08, 2017 - 11:02 AM (IST)
ਜੰਮੂ— ਪਾਕਿਸਤਾਨ ਨੇ ਇਕ ਵਾਰ ਫਿਰ ਜੰਗਬੰਦੀ ਦੀ ਉਲੰਘਣਾ ਕੀਤੀ ਹੈ। ਪੁੰਛ ਸੈਕਟਰ 'ਚ ਐੱਲ.ਓ.ਸੀ. 'ਤੇ ਪਾਕਿਸਤਾਨ ਵੱਲੋਂ ਕੀਤੀ ਗਈ ਫਾਇਰਿੰਗ 'ਚ ਫੌਜ ਦਾ ਜਵਾਨ ਸ਼ਹੀਦ ਹੋ ਗਿਆ ਹੈ। ਸਰਹੱਦ ਪਾਰ ਤੋਂ ਹੋ ਰਹੀ ਫਾਇਰਿੰਗ 'ਚ ਜਵਾਨ ਦੀ ਪਤਨੀ ਦੀ ਵੀ ਮੌਤ ਹੋ ਗਈ। ਭਾਰਤੀ ਫੌਜ ਵੱਲੋਂ ਵੀ ਪਾਕਿਸਤਾਨ ਦੀ ਇਸ ਫਾਇਰਿੰਗ ਦਾ ਜਵਾਬ ਦਿੱਤਾ ਜਾ ਰਿਹਾ ਹੈ।
ਸ਼ਨੀਵਾਰ ਦੀ ਸਵੇਰ ਹੀ ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ ਕੀਤੀ ਗਈ। ਪਾਕਿਸਤਾਨੀ ਫੌਜ ਨੇ ਆਪਣੀ ਫਾਇਰਿੰਗ 'ਚ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਹੈ। ਫਾਇਰਿੰਗ 'ਚ ਸ਼ਹੀਦ ਹੋਇਆ ਜਵਾਨ ਛੁੱਟੀਆਂ ਮਨਾਉਣ ਘਰ ਆਇਆ ਸੀ। ਦੂਜੇ ਪਾਸੇ ਇਕ ਵੱਖ ਘਟਨਾ 'ਚ ਅੱਤਵਾਦੀਆਂ ਨੇ ਬਾਂਦੀਪੋਰਾ 'ਚ ਫੌਜ ਨੂੰ ਨਿਸ਼ਾਨਾ ਬਣਾਇਆ ਹੈ।
ਇਸ ਅੱਤਵਾਦੀ ਹਮਲੇ 'ਚ ਫੌਜ ਦੇ 3 ਜਵਾਨ ਜ਼ਖਮੀ ਦੱਸੇ ਜਾ ਰਹੇ ਹਨ। ਅੱਤਵਾਦੀਆਂ ਦੀ ਤਲਾਸ਼ 'ਚ ਫੌਜ ਦੀ ਸਰਚ ਮੁਹਿੰਮ ਜਾਰੀ ਹੈ। ਸ਼ਨੀਵਾਰ (8 ਜੁਲਾਈ) ਹਿਜ਼ਬੁਲ ਮੁਜਾਹੀਦੀਨ ਦੇ ਅੱਤਵਾਦੀ ਬੁਰਹਾਨ ਵਾਨੀ ਦੀ ਬਰਸੀ ਨੂੰ ਦੇਖਦੇ ਹੋਏ ਤਰਾਲ 'ਚ ਕਰਫਿਊ ਦਾ ਐਲਾਨ ਕਰ ਦਿੱਤਾ ਗਿਆ ਹੈ। ਪਿਛਲੇ ਸਾਲ ਫੌਜ ਨੇ ਬੁਰਹਾਨ ਵਾਨੀ ਨੂੰ ਮਾਰ ਸੁੱਟਿਆ ਸੀ। ਇਸ ਐਨਕਾਊਂਟਰ ਤੋਂ ਬਾਅਦ ਕਸ਼ਮੀਰ 'ਚ ਹਿੰਸਕ ਪ੍ਰਦਰਸ਼ਨ ਦੇਖਣ ਨੂੰ ਮਿਲਦੇ ਰਹੇ ਹਨ।