ਜੌਨਪੁਰ ’ਚ ਹਿਸਟਰੀਸ਼ੀਟਰ ਦਾ ਗੋਲੀ ਮਾਰ ਕੇ ਕਤਲ
Wednesday, Dec 31, 2025 - 08:48 PM (IST)
ਜੌਨਪੁਰ (ਯੂ. ਪੀ.), (ਭਾਸ਼ਾ)- ਜੌਨਪੁਰ ’ਚ ਇਕ ਹਿਸਟਰੀਸ਼ੀਟਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ 27 ਸਾਲਾ ਸਵਾਧੀਨ ਸਿੰਘ ਉਰਫ ਛੋਟੂ ਵਜੋਂ ਹੋਈ ਹੈ, ਜਿਸ ’ਤੇ ਕਰੀਬ ਡੇਢ ਦਰਜਨ ਮੁਕੱਦਮੇ ਦਰਜ ਸਨ। ਪੁਲਸ ਸੁਪਰਡੈਂਟ (ਦਿਹਾਤੀ) ਆਤਿਸ਼ ਕੁਮਾਰ ਸਿੰਘ ਨੇ ਦੱਸਿਆ ਕਿ ਥਾਣਾ ਬਦਲਾਪੁਰ ਦੇ ਬਬੁਰਾ ਪਿੰਡ ਵਿਚ ਇਕ ਔਰਤ ਦੀ ‘13ਵੀਂ’ ਦੇ ਪ੍ਰੋਗਰਾਮ ਵਿਚ ਸਵਾਧੀਨ ਸਿੰਘ ਵੀ ਗਿਆ ਹੋਇਆ ਸੀ।
ਉਨ੍ਹਾਂ ਦੱਸਿਆ ਕਿ ਸਵਾਧੀਨ ਨੂੰ ਕਿਸੇ ਦਾ ਫੋਨ ਆਇਆ ਅਤੇ ਉਹ ਗੱਲ ਕਰਦੇ ਹੋਏ ਪ੍ਰੋਗਰਾਮ ਵਾਲੀ ਥਾਂ ਤੋਂ ਥੋੜ੍ਹੀ ਦੂਰ ਚਲਾ ਗਿਆ, ਉਦੋਂ ਹੀ ਗੋਲੀ ਚੱਲਣ ਦੀ ਆਵਾਜ਼ ਆਈ। ਜਦੋਂ ਲੋਕ ਮੌਕੇ ’ਤੇ ਪਹੁੰਚੇ ਤਾਂ ਸਵਾਧੀਨ ਸਿੰਘ ਜ਼ਖਮੀ ਹਾਲਤ ’ਚ ਪਿਆ ਮਿਲਿਆ। ਉਸ ਨੂੰ ਤੁਰੰਤ ਕਮਿਊਨਿਟੀ ਹੈਲਥ ਸੈਂਟਰ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਅਨੁਸਾਰ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਪਿੰਡ ਦੇ ਹੀ 2 ਵਿਅਕਤੀਆਂ ਖਿਲਾਫ ਸ਼ਿਕਾਇਤ ਦਿੱਤੀ ਹੈ, ਜਿਨ੍ਹਾਂ ਨੂੰ ਹਿਰਾਸਤ ’ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਕਤਲ ਦੀ ਗੁੱਥੀ ਸੁਲਝਾਉਣ ਲਈ 4 ਪੁਲਸ ਟੀਮਾਂ ਦਾ ਗਠਨ ਕੀਤਾ ਗਿਆ ਹੈ। ਪੁਲਸ ਮੁਤਾਬਕ ਸਵਾਧੀਨ ਸਿੰਘ ਥਾਣਾ ਬਦਲਾਪੁਰ ਦਾ ਹਿਸਟਰੀਸ਼ੀਟਰ ਸੀ।
