ਜੰਮੂ-ਕਸ਼ਮੀਰ ਦੇ ਅਨੰਤਨਾਗ ''ਚ ਮੁਕਾਬਲਾ, 2 ਅੱਤਵਾਦੀ ਢੇਰ

06/30/2020 11:22:21 AM

ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ 'ਚ ਮੰਗਲਵਾਰ ਨੂੰ ਘੇਰਾਬੰਦੀ ਅਤੇ ਤਲਾਸ਼ ਮੁਹਿੰਮ ਦੌਰਾਨ ਸੁਰੱਖਿਆ ਦਸਤਿਆਂ ਨਾਲ ਮੁਕਾਬਲੇ 'ਚ 2 ਅੱਤਵਾਦੀ ਮਾਰੇ ਗਏ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ 2 ਤੋਂ 3 ਅੱਤਵਾਦੀਆਂ ਦੀ ਮੌਜੂਦਗੀ ਦੀ ਖੁਫੀਆ ਸੂਚਨਾ ਦੇ ਆਧਾਰ 'ਤੇ ਰਾਸ਼ਟਰੀ ਰਾਈਫਲਜ਼, ਕੇਂਦਰੀ ਰਿਜ਼ਰਵ ਪੁਲਸ ਫੋਰਸ ਅਤੇ ਜੰਮੂ-ਕਸ਼ਮੀਰ ਪੁਲਸ ਦੇ ਵਿਸ਼ੇਸ਼ ਮੁਹਿੰਮ ਸਮੂਹ ਨੇ ਅੱਜ ਯਾਨੀ ਮੰਗਲਵਾਰ ਤੜਕੇ ਅਨੰਤਨਾਗ 'ਚ ਬਿਜਬੇਹਰਾ ਦੇ ਵਾਗਾਮਾ ਪਿੰਡ 'ਚ ਸਾਂਝੀ ਘੇਰਾਬੰਦੀ ਅਤੇ ਤਲਾਸ਼ ਮੁਹਿੰਮ ਸ਼ੁਰੂ ਕੀਤੀ। ਸੁਰੱਖਿਆ ਦਸਤਿਆਂ ਨੇ ਪਿੰਡ ਤੋਂ ਬਾਹਰ ਨਿਕਲਣ ਦੇ ਸਾਰੇ ਮਾਰਗਾਂ ਨੂੰ ਸੀਲ ਕਰਨ ਤੋਂ ਬਾਅਦ ਸ਼ੱਕੀ ਇਲਾਕੇ ਵੱਲ ਵਧਣਾ ਸ਼ੁਰੂ ਕੀਤਾ, ਉੱਥੇ ਲੁਕੇ ਹੋਏ ਅੱਤਵਾਦੀਆਂ ਨੇ ਜਵਾਨਾਂ 'ਤੇ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸੁਰੱਖਿਆ ਦਸਤਿਆਂ ਨੇ ਵੀ ਜਵਾਬੀ ਕਾਰਵਾਈ 'ਚ ਗੋਲੀਆਂ ਚਲਾਈਆਂ, ਜਿਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ।

ਉਨ੍ਹਾਂ ਨੇ ਦੱਸਿਆ ਕਿ ਮੁਕਾਬਲੇ 'ਚ 2 ਅੱਤਵਾਦੀ ਮਾਰੇ ਗਏ, ਜਿਨ੍ਹਾਂ ਦੀ ਪਛਾਣ ਨਹੀਂ ਹੋ ਸਕੀ ਹੈ। ਅੰਤਿਮ ਰਿਪੋਰਟ ਮਿਲਣ ਤੱਕ ਮੁਕਾਬਲਾ ਜਾਰੀ ਸੀ। ਨੇੜਲੇ ਇਲਾਕਿਆਂ 'ਚ ਕਿਸੇ ਵੀ ਤਰ੍ਹਾਂ ਦੇ ਵਿਰੋਧ-ਪ੍ਰਦਰਸ਼ਣ ਨੂੰ ਰੋਕਣ ਲਈ ਚੌਕਸੀ ਦੇ ਤੌਰ 'ਤੇ ਸੁਰੱਖਿਆ ਦਸਤਿਆਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਜ਼ਿਲ੍ਹੇ 'ਚ ਪਿਛਲੇ 24 ਘੰਟਿਆਂ ਦੌਰਾਨ 2 ਮੁਕਾਬਲਿਆਂ 'ਚ 5 ਅੱਤਵਾਦੀ ਮਾਰੇ ਗਏ। ਇਸ ਤੋਂ ਪਹਿਲਾਂ ਸੋਮਵਾਰ ਨੂੰ ਅਨੰਤਨਾਗ ਦੇ ਰਾਣੀਪੋਰਾ 'ਚ ਹੋਏ ਮੁਕਾਬਲੇ 'ਚ ਹਿਜ਼ਬੁਲ ਮੁਜਾਹੀਦੀਨ ਦਾ ਸੀਨੀਅਰ ਕਮਾਂਡਰ ਅਤੇ ਲਸ਼ਕਰ-ਏ-ਤੋਇਬਾ ਦੇ 2 ਅੱਤਵਾਦੀ ਮਾਰੇ ਗਏ ਸਨ। ਪ੍ਰਸ਼ਾਸਨ ਨੇ ਜ਼ਿਲ੍ਹੇ 'ਚ ਚੌਕਸੀ ਦੇ ਤੌਰ 'ਤੇ ਮੋਬਾਇਲ ਇੰਟਰਨੈੱਟ ਸੇਵਾਵਾਂ ਨੂੰ ਅੱਜ ਯਾਨੀ ਮੰਗਲਵਾਰ ਨੂੰ ਦੂਜੇ ਦਿਨ ਵੀ ਬੰਦ ਰੱਖਿਆ।


DIsha

Content Editor

Related News