ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ ਗਈ 565ਵੇਂ ਟਰੱਕ ਦੀ ਰਾਹਤ ਸਮੱਗਰੀ
Monday, May 11, 2020 - 09:05 PM (IST)
ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ) — ਪਾਕਿਸਤਾਨ ਵੱਲੋਂ ਪਿਛਲੇ ਦਹਾਕਿਆਂ ਤੋਂ ਭਾਰਤ ਵਿਰੁੱਧ ਰਚੀਆਂ ਜਾ ਰਹੀਆਂ ਸਾਜਿਸ਼ਾਂ ਅਤੇ ਖਤਰਨਾਕ ਹਰਕਤਾਂ ਕਰਾਨ ਸਰਹੱਦੀ ਖੇਤਰਾਂ 'ਚ ਰਹਿਣ ਵਾਲੇ ਭਾਰਤੀ ਨਾਗਰਿਕਾਂ ਨੂੰ ਬਹੁਤ ਜ਼ਿਆਦਾ ਜਾਨੀ ਮਾਲੀ ਨੁਕਸਾਨ ਸਹਿਣ ਕਰਨਾ ਪਿਆ। ਇਸ ਨਾਲ ਲੋਕਾਂ ਦਾ ਜੀਵਨ ਪੂਰੀ ਤਰ੍ਹਾਂ ਉਲਝ ਕੇ ਰਹਿ ਗਿਆ ਅਤੇ ਉਹ ਹਰ ਖੇਤਰ 'ਚ ਪਛੜ ਗਏ। ਅੱਤਵਾਦੀਆਂ ਅਤੇ ਪਾਕਿਸਤਾਨੀ ਸੈਨਿਕਾਂ ਵੱਲੋਂ ਕੀਤੀ ਜਾਂਦੀ ਗੋਲੀਬਾਰੀ ਦੀ ਮਾਰ ਨੇ ਜਿਹੜੀ ਤਬਾਹੀ ਮਚਾਈ ਹੈ, ਉਸ ਦਾ ਘਾਟਾ ਪੂਰਾ ਕਰ ਸਕਣਾ ਮੁਸ਼ਕਿਲ ਹੈ। ਦੁੱਖਦਾਈ ਦੀ ਗੱਲ ਇਹ ਹੈ ਕਿ ਪਾਕਿਸਤਾਨ ਦੀਆਂ ਇਹ ਘਿਨਾਉਣੀਆਂ ਚਾਲਾਂ ਅਜੇ ਵੀ ਜਾਰੀ ਹਨ।
ਮੀਡੀਆ ਦੀਆਂ ਖਬਰਾਂ ਇਸ ਗੱਲ ਦੀਆਂ ਗਵਾਹ ਹਨ ਕਿ ਜੰਮੂ-ਕਸ਼ਮੀਰ ਦੇ ਸਰਹੱਦੀ ਖੇਤਰਾਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅੱਤਵਾਦ ਅਤੇ ਗੋਲੀਬਾਰੀ ਦੀ ਮਾਰ ਸਹਿਣ ਕਰ ਰਹੇ ਜੰਮੂ-ਕਸ਼ਮੀਰ ਦੇ ਬੇਦੋਸ਼ ਨਾਗਰਿਕਾਂ ਨੂੰ ਸਹਾਇਤਾ ਪਹੁੰਚਾਉਣ ਲਈ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਅਕਤੂਬਰ 1999 ਤੋਂ ਇਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਅਧੀਨ ਹੁਣ ਤੱਕ ਸੈਂਕੜੇ ਟਰੱਕਾਂ ਦੀ ਰਾਹਤ ਸਮੱਗਰੀ ਵੱਖ-ਵੱਖ ਖੇਤਰਾਂ ਦੇ ਪੀੜਤ ਪਰਿਵਾਰਾਂ ਤੱਕ ਪਹੁੰਚਾਈ ਜਾ ਚੁੱਕੀ ਹੈ। ਇਸੇ ਸਿਲਸਿਲੇ 'ਚ ਪਿਛਲੇ ਦਿਨੀਂ 565 ਵੇਂ ਟਰੱਕ ਦੀ ਰਾਹਤ ਸਮੱਗਰੀ ਜੰਮੂ-ਕਸ਼ਮੀਰ ਦੇ ਆਰ. ਐੱਸ. ਪੂਰਾ ਸੈਕਟਰ ਨਾਲ ਸਬੰਧਤ ਸਰਹੱਦੀ ਲੋਕਾਂ ਲਈ ਭਿਜਵਾਈ ਗਈ ਸੀ। ਇਸ ਵਾਰ ਦੀ ਸਮੱਗਰੀ ਦਾ ਯੋਗਦਾਨ ਪਰਮ ਪੂਜਨੀਕ 1008 ਬ੍ਰਹਮਲੀਨ ਸੁਆਮੀ ਰਾਮਦੇਵਾਨੰਦ ਜੀ ਮਹਾਰਾਜ ਦੇ ਆਸ਼ੀਰਵਾਦ ਸਦਕਾ ਸ੍ਰੀ ਰਾਕੇਸ਼ ਕੁਮਾਰ ਗੁਪਤਾ ਅਤੇ ਕੇਸ਼ਵ ਨਾਰਾਇਣ ਗੁਪਤਾ ਵੱਲੋਂ ਆਪਣੇ ਸਵਰਗੀ ਪਿਤਾ ਸ਼੍ਰੀ ਜਤਿੰਦਰ ਨਾਥ ਗੁਪਤਾ ਦੀ ਪਹਿਲੀ ਬਰਸੀ ਦੇ ਸਬੰਧ 'ਚ ਤਲਵੰਡੀ ਭਾਈ ਤੋਂ ਗੁਪਤਾ ਪਰਿਵਾਰ ਅਤੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਦਿੱਤਾ ਗਿਆ ਸੀ।
ਸਮੱਗਰੀ ਭਿਜਵਾਉਣ ਦੇ ਇਸ ਕਾਰਜ 'ਚ ਕੋਟ ਈਸੇ ਖਾਂ ਤੋਂ 'ਜਗ ਬਾਣੀ' ਦੇ ਪ੍ਰਤੀਨਿਧੀ ਸ਼੍ਰੀ ਸੰਜੀਵ ਸੂਦ ਨੇ ਵਿਸ਼ੇਸ਼ ਭੂਮਿਕਾ ਨਿਭਾਈ। ਪੰਜਾਬ ਕੇਸਰੀ ਪੱਤਰ ਸਮੂਹ ਦੇ ਮੁੱਖ ਸੰਪਾਦਕ ਵਿਜੇ ਕੁਮਾਰ ਚੋਪੜਾ ਜੀ ਵੱਲੋਂ ਤਲਵੰਡੀ ਭਾਈ ਤੋਂ ਪ੍ਰਭਾਵਿਤ ਖੇਤਰਾਂ ਲਈ ਰਵਾਨਾ ਕੀਤੇ ਗਏ ਇਸ ਟਰੱਕ ਦੀ ਸਮੱਗਰੀ 'ਚ 300 ਪਰਿਵਾਰਾਂ ਲਈ ਪ੍ਰਤੀ 10 ਕਿਲੋ ਆਟਾ, 10 ਕਿਲੋ ਚਾਵਲ ਅਤੇ ਇਕ ਕੰਬਲ ਸ਼ਾਮਲ ਸੀ। ਟਰੱਕ ਰਵਾਨਾ ਕਰਨ ਸਮੇਂ ਦੇਵਕੀ ਨੰਦਨ ਗੁਪਤਾ, ਵਿਨੇ ਕੁਮਾਰ ਗੁਪਤਾ, ਟਿੰਕੂ ਬਾਂਸਲ, ਰੂਪ ਲਾਲ ਵੱਤਾ, ਪ੍ਰੇਮ ਸਾਗਰ, ਅੰਮ੍ਰਿਤ ਲਾਲ ਛਾਬੜਾ, ਸਤਪਾਲ ਸਿੰਘ ਮੈਂਬਰ ਐੱਸ. ਜੀ. ਪੀ. ਸੀ, ਰਜਿੰਦਰ ਪਾਲ ਸਿੰਘ ਛਿੰਦਾ, ਦੇਸ ਰਾਜ ਅਹੂਜਾ, ਜਗ ਬਾਣੀ ਦੇ ਪ੍ਰਤੀਨਿਧੀ ਕੁਲਦੀਪ ਸਿੰਘ ਭੁੱਲਰ (ਫਿਰੋਜ਼ਪੁਰ) ਜਗਦੀਸ਼ ਪਾਲ, ਸੁਰਿੰਦਰ ਕੁਮਾਰ ਗੁਲਾਟੀ ਆਦਿ ਸਮੇਤ ਪੰਜਾਬ ਕੇਸਰੀ ਰਾਹਤ ਟੀਮ ਦੇ ਮੁਖੀ ਯੋਗ ਗੁਰੂ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਮੌਜੂਦ ਸਨ।