ਜੰਮੂ-ਕਸ਼ਮੀਰ ਦੇ ਬਰੋਟਾ ਕੈਂਪ ’ਚ ਵੰਡੀ ਗਈ 706ਵੇਂ ਟਰੱਕ ਦੀ ਰਾਹਤ ਸਮੱਗਰੀ
Wednesday, Apr 19, 2023 - 04:46 PM (IST)
ਜੰਮੂ-ਕਸ਼ਮੀਰ/ਜਲੰਧਰ (ਵਰਿੰਦਰ ਸ਼ਰਮਾ)- ਲੁਧਿਆਣਾ ਦੇ ਮੈਸਰਜ਼ ਕੁਲਦੀਪ ਓਸਵਾਲ ਹੌਜ਼ਰੀ ਦੇ ਚੇਅਰਮੈਨ ਸ਼੍ਰੀ ਕੁਲਦੀਪ ਜੈਨ ਉਹ ਦਾਨੀ ਸੱਜਣ ਹਨ, ਜੋ ਸਰਹੱਦੀ ਇਲਾਕਿਆਂ ਦੇ ਅੱਤਵਾਦ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਪੰਜਾਬ ਕੇਸਰੀ ਵੱਲੋਂ ਚਲਾਈ ਜਾ ਰਹੀ ਰਾਹਤ ਮੁਹਿੰਮ ਨਾਲ ਲੰਮੇ ਸਮੇਂ ਤੋਂ ਜੁੜੇ ਹਨ। ਉਹ ਰਾਹਤ ਸਮੱਗਰੀ ਦੇ ਕਈ ਟਰੱਕ ਭੇਟ ਕਰ ਚੁੱਕੇ ਹਨ। ਬੀਤੇ ਦਿਨੀਂ ਸ਼੍ਰੀ ਕੁਲਦੀਪ ਜੈਨ ਨੇ ਆਪਣੇ ਪਰਿਵਾਰ ਵੱਲੋਂ ਰਾਹਤ ਸਮੱਗਰੀ ਦਾ ਟਰੱਕ ਸ਼੍ਰੀ ਵਿਜੇ ਕੁਮਾਰ ਚੋਪੜਾ ਨੂੰ ਭੇਟ ਕੀਤਾ ਸੀ, ਜਿਸ ਵਿਚ 200 ਰਜਾਈਆਂ ਸਨ। 706ਵੇਂ ਟਰੱਕ ਦੀ ਰਾਹਤ ਸਮੱਗਰੀ ਜੰਮੂ-ਕਸ਼ਮੀਰ ਦੇ ਸਰਹੱਦੀ ਇਲਾਕੇ ਬਰੋਟਾ ਕੈਂਪ ’ਚ ਵੰਡੀ ਗਈ।
ਇਸ ਮੌਕੇ ’ਤੇ ਆਯੋਜਿਤ ਸਮਾਗਮ ਵਿਚ ਵਰਿੰਦਰ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਵੀ ਅੱਤਵਾਦ ਦੀ ਅੱਗ ਦੀ ਤਪਸ਼ ਨੂੰ ਮਹਿਸੂਸ ਕੀਤਾ ਹੈ, ਇਸ ਲਈ ਉਹ ਜੰਮੂ-ਕਸ਼ਮੀਰ ਦੇ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਸ਼੍ਰੀ ਵਿਜੇ ਚੋਪੜਾ ਦੇ ਸੱਦੇ ’ਤੇ ਲਗਾਤਾਰ ਰਾਹਤ ਸਮੱਗਰੀ ਭਿਜਵਾ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਕਾਮਨਾ ਕਰਦੇ ਹਾਂ ਕਿ ਹਾਲਾਤ ਜਲਦ ਆਮ ਵਰਗੇ ਹੋਣ ਪਰ ਜਦੋਂ ਤਕ ਹਾਲਾਤ ਠੀਕ ਨਹੀਂ ਹੋਣਗੇ, ਇਹ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ। ਜਲੰਧਰ ਦੇ ਸਮਾਜ ਸੇਵਕ ਇਕਬਾਲ ਸਿੰਘ ਅਰਨੇਜਾ, ਸਰਵਜੀਤ ਜੌਹਲ, ਸ਼ਿਵ ਚੌਧਰੀ ਤੇ ਡਿੰਪਲ ਸੂਰੀ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਲੋੜਵੰਦ ਲੋਕਾਂ ਨੂੰ ਰਾਹਤ ਸਮੱਗਰੀ ਭੇਟ ਕਰਦੇ ਇਕਬਾਲ ਸਿੰਘ ਅਰਨੇਜਾ, ਸਰਬਜੀਤ ਕੌਰ ਅਰਨੇਜਾ, ਸਰਵਜੀਤ ਜੌਹਲ, ਸ਼ਿਵ ਚੌਧਰੀ, ਮਨਦੀਪ ਸਿੰਘ, ਪ੍ਰਵੀਨ ਸ਼ਰਮਾ, ਨੈਂਸੀ ਚੌਧਰੀ, ਜਗਦੀਸ਼ ਰਾਜ, ਸੁਰਿੰਦਰ ਸਿੰਘ, ਵਿਜੇ ਚੌਧਰੀ, ਰਮੇਸ਼ ਚੌਧਰੀ, ਡਿੰਪਲ ਸੂਰੀ, ਰਾਹਤ ਵੰਡ ਟੀਮ ਦੇ ਇੰਚਾਰਜ ਵਰਿੰਦਰ ਸ਼ਰਮਾ ਅਤੇ ਹੋਰ ਹਾਜ਼ਰ ਸਨ।