ਜੰਮੂ-ਕਸ਼ਮੀਰ : ਪੁੰਛ ''ਚ ਖੱਡ ''ਚ ਡਿੱਗੀ BSF ਦੀ ਗੱਡੀ, ਇਕ ਜਵਾਨ ਸ਼ਹੀਦ, 6 ਜ਼ਖ਼ਮੀ
Monday, May 08, 2023 - 04:44 AM (IST)
ਨੈਸ਼ਨਲ ਡੈਸਕ : ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਸੀਮਾ ਸੁਰੱਖਿਆ ਬਲ (BSF) ਦਾ ਇਕ ਵਾਹਨ ਸੜਕ ਤੋਂ ਫਿਸਲ ਕੇ ਡੂੰਘੀ ਖੱਡ 'ਚ ਡਿੱਗ ਗਿਆ, ਜਿਸ ਕਾਰਨ ਇਕ ਜਵਾਨ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖ਼ਮੀ ਹੋ ਗਏ। ਇਕ ਪੁਲਸ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਮੇਂਢਰ ਦੇ ਬਲਨੋਈ ਖੇਤਰ ਵਿੱਚ ਉਸ ਸਮੇਂ ਵਾਪਰਿਆ ਜਦੋਂ ਪਹਾੜੀ ਸੜਕ 'ਤੇ ਇਕ ਮੋੜ 'ਤੇ ਬੀਐੱਸਐੱਫ ਦੇ ਵਾਹਨ ਦਾ ਡਰਾਈਵਰ ਵਾਹਨ ਤੋਂ ਕੰਟਰੋਲ ਗੁਆ ਬੈਠਾ। ਉਨ੍ਹਾਂ ਕਿਹਾ ਕਿ ਤੁਰੰਤ ਬਚਾਅ ਮੁਹਿੰਮ ਚਲਾਈ ਗਈ ਅਤੇ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਗੰਭੀਰ ਰੂਪ ਨਾਲ ਜ਼ਖ਼ਮੀ ਬੀਐੱਸਐੱਫ ਜਵਾਨ ਨੇ ਦਮ ਤੋੜ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਜ਼ਖ਼ਮੀਆਂ 'ਚੋਂ 4 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ : ਕੇਰਲ 'ਚ ਵੱਡਾ ਹਾਦਸਾ; ਕਿਸ਼ਤੀ ਪਲਟਣ ਨਾਲ 18 ਲੋਕਾਂ ਦੀ ਮੌਤ, ਬਚਾਅ ਕਾਰਜ ਜਾਰੀ
ਇਸ ਤੋਂ ਪਹਿਲਾਂ 29 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਸ਼ਨੀਵਾਰ ਨੂੰ ਇਕ ਐਂਬੂਲੈਂਸ ਸੜਕ ਤੋਂ ਫਿਸਲ ਕੇ ਖੱਡ 'ਚ ਜਾ ਡਿੱਗੀ ਸੀ। ਇਸ ਹਾਦਸੇ ਵਿੱਚ ਫੌਜ ਦੇ 2 ਜਵਾਨਾਂ ਦੀ ਮੌਤ ਹੋ ਗਈ ਸੀ। ਪੁਲਸ ਸੂਤਰਾਂ ਨੇ ਦੱਸਿਆ ਕਿ ਫੌਜ ਦੀ ਐਂਬੂਲੈਂਸ ਚਿੱਟੀ ਭਾਖੜੀ ਤੋਂ ਕੇਰੀ ਸੈਕਟਰ ਦੇ ਦੁੰਗਾ ਨੱਲਾ ਵੱਲ ਜਾ ਰਹੀ ਸੀ, ਜਦੋਂ ਐਂਬੂਲੈਂਸ ਦੁੰਗਾ ਨੱਲਾ ਨੇੜੇ ਪਹੁੰਚੀ ਤਾਂ ਅਚਾਨਕ ਕੰਟਰੋਲ ਗੁਆ ਬੈਠੀ ਅਤੇ 200 ਫੁੱਟ ਡੂੰਘੀ ਖੱਡ ਵਿੱਚ ਜਾ ਡਿੱਗੀ। ਸੂਤਰਾਂ ਨੇ ਦੱਸਿਆ ਕਿ ਹਾਦਸੇ 'ਚ ਦੋਵੇਂ ਜਵਾਨ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ਨੂੰ ਗੰਭੀਰ ਹਾਲਤ 'ਚ ਰਾਜੌਰੀ ਦੇ ਹਸਪਤਾਲ 'ਚ ਲਿਆਂਦਾ ਗਿਆ, ਜਿੱਥੇ ਦੋਵਾਂ ਨੇ ਦਮ ਤੋੜ ਦਿੱਤਾ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।