ਕਾਰਗਿਲ ਜੰਗ ਤੋਂ ਪਹਿਲਾਂ ਜੰਮੂ-ਕਸ਼ਮੀਰ ਮੁੱਦੇ ਦਾ ਹੱਲ ਲੱਭਣ ਲਈ ਹੋਈ ਸੀ ਗੁਪਤ ਗੱਲਬਾਤ
Sunday, Jul 20, 2025 - 11:56 AM (IST)

ਨਵੀਂ ਦਿੱਲੀ- ਇਕ ਨਵੀਂ ਕਿਤਾਬ ’ਚ ਖੁਲਾਸਾ ਹੋਇਆ ਹੈ ਕਿ 1999 ’ਚ ਭਾਰਤ ਅਤੇ ਪਾਕਿਸਤਾਨ ਦਰਮਿਆਨ ਕਾਰਗਿਲ ਜੰਗ ਸ਼ੁਰੂ ਹੋਣ ਤੋਂ ਕੁਝ ਹਫ਼ਤੇ ਪਹਿਲਾਂ ਅਟਲ ਬਿਹਾਰੀ ਵਾਜਪਾਈ ਤੇ ਨਵਾਜ਼ ਸ਼ਰੀਫ ਦੀ ਅਗਵਾਈ ਵਾਲੀਆਂ ਉਦੋਂ ਦੀਆਂ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਕਸ਼ਮੀਰ ਮੁੱਦੇ ਦਾ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਸੀ।
ਇਸ ਪਹਿਲਕਦਮੀ ਅਧੀਨ ਦੋਵੇਂ ਦੇਸ਼ ਜੰਮੂ-ਕਸ਼ਮੀਰ ਦੀ ਫਿਰਕੂ ਆਧਾਰ 'ਤੇ ਵੰਡ ਕਰਨ ਲਈ ਚਿਨਾਬ ਦਰਿਆ ਨੂੰ ਭੂਗੋਲਿਕ ਹੱਦ ਰੇਖਾ ਮੰਨਣ ਲਈ ਸਹਿਮਤ ਹੋਏ ਸਨ। ਇਸ ਨੂੰ ‘ਚਿਨਾਬ ਫਾਰਮੂਲਾ’ ਦਾ ਨਾਮ ਦਿੱਤਾ ਗਿਆ ਸੀ। ਅਭਿਸ਼ੇਕ ਚੌਧਰੀ ਨੇ ‘ਬੈਲੀਵਰਜ਼ ਡਿਲੇਮਾ : ਵਾਜਪਾਈ ਐਂਡ ਹਿੰਦੂ ਰਾਈਟਸ ਪਾਥ ਟੂ ਪਾਵਰ’ ਵਿਚ ਲਿਖਿਆ ਹੈ ਕਿ ਵਾਜਪਾਈ ਦੀ 1999 ਦੀ ਇਤਿਹਾਸਕ ਪਾਕਿਸਤਾਨ ਫੇਰੀ ਤੇ ਲਾਹੌਰ ਐਲਾਨਨਾਮੇ ਤੋਂ ਬਾਅਦ ਸੇਵਾਮੁਕਤ ਪਾਕਿਸਤਾਨੀ ਡਿਪਲੋਮੈਟ ਤੇ ਭਾਰਤ ’ਚ ਸਾਬਕਾ ਹਾਈ ਕਮਿਸ਼ਨਰ ਨਿਆਜ਼ ਨਾਇਕ ਅਤੇ ਭਾਰਤੀ ਵਾਰਤਾਕਾਰ ਆਰ. ਕੇ. ਮਿਸ਼ਰਾ ਦਰਮਿਅਆਨ ਦਿੱਲੀ ਦੇ ਇਕ ਹੋਟਲ ’ਚ ਗੁਪਤ ਗੱਲਬਾਤ ਹੋਈ ਸੀ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਨਹੀਂ ਹੋਵੇਗਾ India vs Pakistan ! ਰੱਦ ਹੋ ਗਿਆ ਮਹਾਮੁਕਾਬਲਾ
ਕਿਤਾਬ ਅਨੁਸਾਰ ਮਾਰਚ 1999 ਦੇ ਆਖਰੀ ਹਫ਼ਤੇ ’ਚ ਸ਼ਰੀਫ ਦੇ ਦੂਤ ਨਿਆਜ਼ ਨਾਇਕ ਗੁਪਤ ਰੂਪ ’ਚ ਦਿੱਲੀ ਦੇ ਇਕ ਹੋਟਲ ’ਚ ਗਏ ਤੇ ਆਰ.ਕੇ. ਮਿਸ਼ਰਾ ਨਾਲ ਗੱਲਬਾਤ ਸ਼ੁਰੂ ਕੀਤੀ। ਇਸ ’ਚ ਕਿਹਾ ਗਿਆ ਹੈ ਕਿ ਅਗਲੇ ਪੰਜ ਦਿਨਾਂ ’ਚ ਉਨ੍ਹਾਂ ਕਸ਼ਮੀਰ ਬਾਰੇ ਆਪਣੇ ਅਸੰਭਵ ਪ੍ਰਸਤਾਵ ’ਤੇ ਚਰਚਾ ਕੀਤੀ। ਇਕ ਅਜਿਹਾ ਹੱਲ ਜੋ ਨਾ ਸਿਰਫ਼ ਤਿੰਨਾਂ ਸਬੰਧਤ ਧਿਰਾਂ (ਜਿਨ੍ਹਾਂ ’ਚੋਂ ਇਕ ਕਸ਼ਮੀਰੀ ਹੈ) ਲਈ ਨਿਰਪੱਖ ਹੋਵੇਗਾ, ਸਗੋਂ ਲਾਗੂ ਕਰਨ ਲਈ ਵੀ ਅਮਲੀ ਹੋਵੇਗਾ।
ਵਾਜਪਾਈ ਵੱਲੋਂ ਦੋਵਾਂ ਦੇਸ਼ਾਂ ਨੂੰ ਅੱਗੇ ਵਧਣ ਲਈ ਉਤਸ਼ਾਹਿਤ ਕਰਨ ਤੋਂ ਬਾਅਦ ਮਿਸ਼ਰਾ ਤੇ ਨਾਇਕ ਦਰਮਿਆਨ ਕਈ ਦੌਰ ਦੀ ਚਰਚਾ ਤੋਂ ਬਾਅਦ ਦੋਵੇਂ ਦੇਸ਼ ਜੰਮੂ-ਕਸ਼ਮੀਰ ਦੀ ਵੰਡ ਲਈ ਇਕ ਨਿਸ਼ਾਨਦੇਹ ਭੂਗੋਲਿਕ ਹੱਦ ’ਤੇ ਸਹਿਮਤ ਹੋਏ ਜਿਸ ਨੂੰ ‘ਚਿਨਾਬ ਫਾਰਮੂਲਾ’ ਕਿਹਾ ਜਾਂਦਾ ਹੈ। ਇਸ ’ਚ ਕਿਹਾ ਗਿਆ ਹੈ ਕਿ ਨਾਇਕ ਵੱਲੋਂ ਸੁਝਾਏ ਗਏ ਫਾਰਮੂਲੇ ’ਚ ਦਰਿਆ ਦੇ ਪੱਛਮ ਵੱਲ ਸਾਰੇ ਮੁਸਲਿਮ ਬਹੁਗਿਣਤੀ ਵਾਲੇ ਜ਼ਿਲ੍ਹੇ ਪਾਕਿਸਤਾਨ ਨੂੰ ਦਿੱਤੇ ਜਾਣ ਦਾ ਪ੍ਰਸਤਾਵ ਸੀ ਜਦੋਂ ਕਿ ਪੂਰਬ ਵੱਲ ਸਾਰੇ ਹਿੰਦੂ ਬਹੁਗਿਣਤੀ ਵਾਲੇ ਜ਼ਿਲੇ ਭਾਰਤ ’ਚ ਰੱਖੇ ਜਾਣੇ ਸਨ।
ਕਿਤਾਬ ਅਨੁਸਾਰ 1 ਅਪ੍ਰੈਲ ਨੂੰ ਇਸਲਾਮਾਬਾਦ ਵਾਪਸ ਜਾਣ ਤੋਂ ਪਹਿਲਾਂ ਨਾਇਕ ਵਾਜਪਾਈ ਨੂੰ ਮਿਲੇ ਜਿਨ੍ਹਾਂ ਨਵਾਜ਼ ਸ਼ਰੀਫ ਨੂੰ ਇਕ ਗੁਪਤ ਸੁਨੇਹਾ ਭੇਜਿਆ ਕਿ ਗਰਮੀਆਂ ਦੇ ਮਹੀਨਿਆਂ ਦੌਰਾਨ ਘੁਸਪੈਠ ਅਤੇ ਸਰਹੱਦ ਪਾਰ ਤੋਂ ਗੋਲੀਬਾਰੀ ਬੰਦ ਕਰੋ ਪਰ ਅਜਿਹਾ ਨਹੀਂ ਹੋਇਆ। ਜਿਵੇਂ-ਜਿਵੇਂ ਗੁਪਤ ਕੂਟਨੀਤੀ ਜਾਰੀ ਰਹੀ, ਸਮੱਸਿਆਵਾਂ ਵਧਦੀਆਂ ਗਈਆਂ।
ਇਹ ਵੀ ਪੜ੍ਹੋ- ਸ਼ਰਮਨਾਕ ; ਸਕੂਲ ਡਰਾਈਵਰ ਦੀ ਗੰਦੀ ਕਰਤੂਤ ! ਵੈਨ 'ਚ ਹੀ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e