ਜੰਮੂ-ਕਸ਼ਮੀਰ ਪੁਲਸ ਨੇ ਲਸ਼ਕਰ-ਏ-ਤੋਇਬਾ ਦੇ ਵੱਡੇ ਨੈੱਟਵਰਕ ਦਾ ਕੀਤਾ ਪਰਦਾਫਾਸ਼
Sunday, Apr 12, 2026 - 11:31 PM (IST)
ਸ਼੍ਰੀਨਗਰ, (ਭਾਸ਼ਾ)- ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਅੰਤਰਰਾਜੀ ਨੈੱਟਵਰਕ ਵਿਰੁੱਧ ਆਪਣੀ ਕਾਰਵਾਈ ਤੇਜ਼ ਕਰਦੇ ਹੋਏ ਜੰਮੂ-ਕਸ਼ਮੀਰ ਪੁਲਸ ਨੇ ਕੇਂਦਰੀ ਖੁਫੀਆ ਏਜੰਸੀਆਂ ਨਾਲ ਤਾਲਮੇਲ ਕਰ ਕੇ ਹਰਿਆਣਾ ਤੇ ਰਾਜਸਥਾਨ ਤੋਂ ਕਈ ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਹੈ। ਉਨ੍ਹਾਂ ’ਤੇ ਅੱਤਵਾਦੀਆਂ ਨੂੰ ਪਾਸਪੋਰਟ ਸਮੇਤ ਜਾਅਲੀ ਪਛਾਣ ਪੱਤਰ ਦੇਣ ’ਚ ਮਦਦ ਕਰਨ ਦਾ ਦੋਸ਼ ਹੈ।
ਅਧਿਕਾਰੀਆਂ ਨੇ ਐਤਵਾਰ ਕਿਹਾ ਕਿ ਹਿਰਾਸਤ ’ਚ ਲਏ ਗਏ ਵਿਅਕਤੀਆਂ ਨੇ ਆਧਾਰ ਕਾਰਡ, ਸਥਾਈ ਖਾਤਾ ਨੰਬਰ (ਪੈਨ) ਕਾਰਡ ਤੇ ਵੋਟਰ ਕਾਰਡ ਵਰਗੇ ਦਸਤਾਵੇਜ਼ ਬਣਾ ਕੇ ਅੱਤਵਾਦੀਆਂ ਦੀ ਮਦਦ ਕੀਤੀ। ਜਾਂਚ ਦੀ ਅਗਵਾਈ ਸ਼੍ਰੀਨਗਰ ਪੁਲਸ ਵੱਲੋਂ ਕੀਤੀ ਗਈ, ਜਿਸ ਨੇ ਸਾਰੀ ਖੁਫੀਆ ਜਾਣਕਾਰੀ ਇਕੱਠੀ ਕੀਤੀ। ਜਿਵੇਂ -ਜਿਵੇਂ ਕਾਰਵਾਈ ਦਾ ਘੇਰਾ ਤੇ ਇਸ ਦੇ ਵਿਆਪਕ ਸੁਰੱਖਿਆ ਪ੍ਰਭਾਵ ਸਪੱਸ਼ਟ ਹੁੰਦੇ ਗਏ, ਕੇਂਦਰੀ ਏਜੰਸੀਆਂ ਤੇ ਹੋਰ ਸੂਬਿਆਂ ਦੀ ਪੁਲਸ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਫੈਲੇ ਇਸ ਨੈੱਟਵਰਕ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਸ਼ਾਮਲ ਹੋ ਗਈ।
ਅਧਿਕਾਰੀਆਂ ਅਨੁਸਾਰ ਇਕ ਅੱਤਵਾਦੀ, ਜਿਸ ਦੀ ਪਛਾਣ ਉਮਰ ਉਰਫ ‘ਖਰਗੋਸ਼’ ਵਜੋਂ ਹੋਈ ਹੈ, ਨੇ ਪਾਸਪੋਰਟ ਹਾਸਲ ਕੀਤਾ ਤੇ ਇੰਡੋਨੇਸ਼ੀਆ ਦੌੜ ਗਿਆ। ਮੰਨਿਆ ਜਾਂਦਾ ਹੈ ਕਿ ਉੱਥੋਂ ਉਸ ਨੇ ਇਕ ਹੋਰ ਜਾਅਲੀ ਯਾਤਰਾ ਦਸਤਾਵੇਜ਼ ਦੀ ਵਰਤੋਂ ਕੀਤੀ ਤੇ ਹੁਣ ਉਹ ਖਾੜੀ ਦੇ ਇਕ ਦੇਸ਼ ’ਚ ਲੁਕਿਆ ਹੋਇਆ ਹੈ। ਅਧਿਕਾਰੀਆਂ ਨੇ ਕਿਹਾ ਕਿ ਪਾਕਿਸਤਾਨੀ ਸ਼ਹਿਰ ਕਰਾਚੀ ਦੇ ਰਹਿਣ ਵਾਲੇ ਉਮਰ ਨੇ 2012 ’ਚ ਭਾਰਤ ’ਚ ਘੁਸਪੈਠ ਕੀਤੀ ਸੀ । 2024 ’ਚ ਉਹ ਜੈਪੁਰ ’ਚ ਜਾਅਲੀ ਪਾਸਪੋਰਟ ਲੈ ਕੇ ਵਿਦੇਸ਼ ਭੱਜ ਗਿਆ ਸੀ।
ਇਹ ਵੇਰਵੇ ਸ਼੍ਰੀਨਗਰ ਪੁਲਸ ਵੱਲੋਂ ਲਸ਼ਕਰ ਦੇ ਇਕ ਅੰਤਰਰਾਜੀ ਮਾਡਿਊਲ ਦਾ ਪਰਦਾਫਾਸ਼ ਕਰਨ ਤੇ 5 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਸਾਹਮਣੇ ਆਏ ਹਨ। ਇਨ੍ਹਾਂ ’ਚ ਅਬਦੁੱਲਾ ਉਰਫ਼ ਅਬੂ ਹੁਰੈਰਾ ਨਾਮੀ ਇਕ ਪਾਕਿਸਤਾਨੀ ਅੱਤਵਾਦੀ ਵੀ ਸ਼ਾਮਲ ਹੈ ਜੋ ਪਿਛਲੇ 16 ਸਾਲਾਂ ਤੋਂ ਫਰਾਰ ਸੀ । ਉਸ ਨੇ ਕੇਂਦਰ ਸ਼ਾਸਤ ਪ੍ਰਦੇਸ਼ ਦੇ ਬਾਹਰ ਲੁਕਣ ਵਾਲੀਆਂ ਥਾਵਾਂ ਸਥਾਪਤ ਕੀਤੀਆਂ ਸਨ।
ਅਬਦੁੱਲਾ ਦੀ ਇਕ ਹੋਰ ਪਾਕਿਸਤਾਨੀ ਨਾਗਰਿਕ ਉਸਮਾਨ ਉਰਫ਼ ਖੁਬੈਬ ਨਾਲ ਗ੍ਰਿਫਤਾਰੀ ਨੂੰ ਸ਼੍ਰੀਨਗਰ ਪੁਲਸ ਲਈ ਇਕ ਹੋਰ ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈ।
6 ਮਹੀਨੇ ਪਹਿਲਾਂ ਪੁਲਸ ਨੇ ਹਰਿਆਣਾ ਦੇ ਫਰੀਦਾਬਾਦ ’ਚ ਅਲ-ਫਲਾਹ ਯੂਨੀਵਰਸਿਟੀ ਦੇ ਆਲੇ-ਦੁਆਲੇ ਕੇਂਦ੍ਰਿਤ ਇਕ ‘ਵ੍ਹਾਈਟ-ਕਾਲਰ’ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਸੀ, ਜੋ ਨਵੰਬਰ 2025 ਦੇ ਲਾਲ ਕਿਲਾ ਧਮਾਕਾ ਮਾਮਲੇ ਨਾਲ ਜੁੜਿਆ ਹੋਇਆ ਸੀ। ਪੁੱਛਗਿੱਛ ਦੌਰਾਨ ਅਬਦੁੱਲਾ ਨੇ ਜਾਂਚਕਰਤਾਵਾਂ ਨੂੰ ਆਪਣੇ ਤੇ ਉਮਰ ਦੇ ਨੈੱਟਵਰਕ ਅਤੇ ਭਾਰਤ ’ਚ ਸਰਗਰਮੀਆਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ।
ਉਸ ਨੇ ਖਾਸ ਤੌਰ ’ਤੇ ਰਾਜਸਥਾਨ, ਹਰਿਆਣਾ ਤੇ ਪੰਜਾਬ ’ਚ ਉਨ੍ਹਾਂ ਦੀ ਮੌਜੂਦਗੀ ਦਾ ਵਰਣਨ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ 31 ਮਾਰਚ ਨੂੰ ਸ਼ੁਰੂ ਹੋਏ ਇਸ ਆਪ੍ਰੇਸ਼ਨ ਨੇ ਲਸ਼ਕਰ ਦੀ ਫੰਡਿੰਗ ਤੇ ਵਿੱਤੀ ਢਾਂਚੇ ਦਾ ਪਰਦਾਫਾਸ਼ ਕੀਤਾ ਹੈ। ਇਸ ਆਪ੍ਰੇਸ਼ਨ ਦੀ ਨਿਗਰਾਨੀ ਕਰਨ ਵਾਲੇ ਪੁਲਸ ਦੇ ਡਾਇਰੈਕਟਰ ਜਨਰਲ ਨਲਿਨ ਪ੍ਰਭਾਤ ਨੇ ਕਿਹਾ ਕਿ ਅੱਤਵਾਦੀਆਂ ਨੇ ਨਾ ਸਿਰਫ਼ ਜੰਮੂ-ਕਸ਼ਮੀਰ ਸਗੋਂ ਕਈ ਹੋਰ ਸੂਬਿਆਂ ’ਚ ਵੀ ਆਪਣਾ ਨੈੱਟਵਰਕ ਬਣਾਉਣ ਲਈ ਜਾਅਲੀ ਦਸਤਾਵੇਜ਼ਾਂ ਤੇ ਪਛਾਣ ਪੱਤਰਾਂ ਦੀ ਵਰਤੋਂ ਕੀਤੀ।
ਅਧਿਕਾਰੀਆਂ ਨੇ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਹੈ ਕਿ ਹਿਰਾਸਤ ’ਚ ਲਏ ਗਏ ਕੁਝ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ, ਖਾਸ ਕਰ ਕੇ ਉਹ ਜਿਨ੍ਹਾਂ ਨੇ ਜਾਅਲੀ ਪਾਸਪੋਰਟ ਤੇ ਹੋਰ ਦਸਤਾਵੇਜ਼ ਦੇਣ ’ਚ ਮਦਦ ਕੀਤੀ।
ਗ੍ਰਿਫ਼ਤਾਰ ਕੀਤੇ ਗਏ 5 ਵਿਅਕਤੀਆਂ ’ਚ ਸ੍ਰੀਨਗਰ ਦੇ ਮੁਹੰਮਦ ਨਕੀਬ ਭੱਟ, ਆਦਿਲ ਰਸ਼ੀਦ ਭੱਟ ਤੇ ਗੁਲਾਮ ਮੁਹੰਮਦ ਮੀਰ ਉਰਫ਼ ਮਾਮਾ ਹਨ।
ਉਨ੍ਹਾਂ ’ਤੇ ਅੱਤਵਾਦੀਆਂ ਨੂੰ ਪਨਾਹ, ਭੋਜਨ ਤੇ ਹੋਰ ਮਦਦ ਪ੍ਰਦਾਨ ਕਰਨ ਦਾ ਦੋਸ਼ ਹੈ। ਨੈੱਟਵਰਕ ਦਾ ਪਰਦਾਫਾਸ਼ 31 ਮਾਰਚ ਨੂੰ ਉਦੋਂ ਸ਼ੁਰੂ ਹੋਇਆ, ਜਦੋਂ ਸ੍ਰੀਨਗਰ ਦੇ 3 ਵਾਸੀਆਂ ’ਚੋਂ ਇਕ ਨਕੀਬ ਭੱਟ ਨੂੰ ਇਕ ਪਿਸਤੌਲ ਤੇ ਹੋਰ ਅਪਰਾਧਿਕ ਸਮੱਗਰੀ ਨਾਲ ਗ੍ਰਿਫ਼ਤਾਰ ਕੀਤਾ ਗਿਆ।
ਅਧਿਕਾਰੀਆਂ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਭੱਟ ਨੇ ਪੁਲਸ ਨੂੰ ਦੱਸਿਆ ਕਿ ਉਹ ਲਸ਼ਕਰ ਦਾ ਮੈਂਬਰ ਸੀ ਅਤੇ ਉਸ ਨੇ ਇਕ ਹੋਰ ਸਾਥੀ ਆਦਿਲ ਰਸ਼ੀਦ ਜੋ ਜਕੋਰਾ ਦਾ ਰਹਿਣ ਵਾਲਾ ਸੀ, ਤੋਂ ਹਥਿਆਰ ਤੇ ਗੋਲਾ ਬਾਰੂਦ ਹਾਸਲ ਕੀਤਾ ਸੀ। ਨਾਲ ਹੀ ਵਿਦੇਸ਼ੀ ਅੱਤਵਾਦੀਆਂ ਨੂੰ ਮਦਦ ਵੀ ਪ੍ਰਦਾਨ ਕੀਤੀ ਸੀ।
ਭੱਟ ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਪੁਲਸ ਨੇ ਮੀਰ ਤੇ ਰਸ਼ੀਦ ਭੱਟ ਨੂੰ ਸ਼੍ਰੀਨਗਰ ’ਚ ਲੱਭਿਆ। ਉਹ ਲਸ਼ਕਰ ਦੇ ਸਰਗਰਮ ਸਾਥੀ ਦੱਸੇ ਜਾਂਦੇ ਹਨ।
ਜਾਂਚ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਤੋਂ ਹੋਏ ਖੁਲਾਸੇ ਤੋਂ ਬਾਅਦ ਸ਼੍ਰੀਨਗਰ ਤੇ ਇਸ ਦੇ ਆਲੇ-ਦੁਆਲੇ ਦੇ ਜੰਗਲੀ ਖੇਤਰਾਂ ’ਚ ਸਥਿਤ ਕਈ ਲੁਕਣ ਵਾਲੇ ਟਿਕਾਣਿਆਂ ਦਾ ਵੀ ਪਰਦਾਫਾਸ਼ ਕੀਤਾ ਗਿਆ। ਨਵੰਬਰ 2025 ’ਚ, ਇਸ ਅੰਤਰਰਾਜੀ ਲਸ਼ਕਰ ਦੇ ਮਾਡਿਊਲ ਦਾ ਪਰਦਾਫਾਸ਼ ਹੋਣ ਤੋਂ ਲਗਭਗ 6 ਮਹੀਨੇ ਪਹਿਲਾਂ ਸ਼੍ਰੀਨਗਰ ਪੁਲਸ ਨੇ 'ਅਲ-ਫਲਾਹ ਮਾਡਿਊਲ' ਵਿਰੁੱਧ ਕਾਰਵਾਈ ਕੀਤੀ।
ਉਸ ਸਮੇਂ ਦੀ ਜਾਂਚ ’ਚ ਉੱਚ ਸਿੱਖਿਆ ਪ੍ਰਾਪਤ ਪੇਸ਼ੇਵਰਾਂ ਜਿਨ੍ਹਾਂ ’ਚ ਵਧੇਰੇ ਡਾਕਟਰ ਸਨ, ਦੇ ਇਕ ਨੈੱਟਵਰਕ ਦਾ ਪਰਦਾਫਾਸ਼ ਹੋਇਆ ਸੀ। ਮੁਲਜ਼ਮਾਂ ’ਚੋਂ ਇਕ ਅਲ-ਫਲਾਹ ਯੂਨੀਵਰਸਿਟੀ ਦਾ ਡਾਕਟਰ ਉਮਰ-ਉਨ ਨਬੀ ਸੀ, ਜਿਸ ਨੇ ਪਿਛਲੇ ਸਾਲ 10 ਨਵੰਬਰ ਨੂੰ ਲਾਲ ਕਿਲੇ ਨੇੜੇ ਧਮਾਕਾਖੇਜ਼ ਸਮੱਗਰੀ ਨਾਲ ਭਰੀ ਇਕ ਕਾਰ ’ਚ ਧਮਾਕਾ ਕੀਤਾ ਸੀ। ਇਸ ਘਟਨਾ ’ਚ 12 ਤੋਂ ਵੱਧ ਵਿਅਕਤੀ ਮਾਰੇ ਗਏ ਸਨ।
