ਦਰਬਾਰ ਸਜਦੇ ਹੀ ਜੰਮੂ ''ਚ ਬਦਲਿਆ ਇਤਿਹਾਸ, ਸ਼ਾਨ ਨਾਲ ਲਹਿਰਾਇਆ ਤਿਰੰਗਾ
Monday, Nov 04, 2019 - 04:03 PM (IST)

ਜੰਮੂ (ਅਵਦੇਸ਼)— ਜੰਮੂ-ਕਸ਼ਮੀਰ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਬਣਨ ਤੋਂ ਬਾਅਦ ਰਾਜਧਾਨੀ ਜੰਮੂ 'ਚ ਸਰਕਾਰ ਦਾ ਪਹਿਲਾ ਦਰਬਾਰ ਸੱਜ ਗਿਆ ਹੈ। ਸਵੇਰੇ 9.30 ਵਜੇ ਉੱਪ ਰਾਜਪਾਲ ਗਿਰੀਸ਼ ਚੰਦਰ ਮੁਰਮੂ ਸਕੱਤਰੇਤ ਪੁੱਜੇ, ਜਿੱਥੇ ਉਨ੍ਹਾਂ ਨੂੰ ਗਾਰਡ ਆਫ ਆਨਰ ਦਿੱਤਾ ਗਿਆ। ਇਸ ਦੌਰਾਨ ਖਾਸ ਗੱਲ ਇਹ ਰਹੀ ਕਿ ਦਰਬਾਰ ਖੁੱਲ੍ਹਣ ਤੋਂ ਬਾਅਦ ਪਹਿਲੀ ਵਾਰ ਨਾਗਰਿਕ ਸਕੱਤਰੇਤ ਦੀ ਇਮਾਰਤ 'ਤੇ 2 ਝੰਡਿਆਂ ਦੀ ਜਗ੍ਹਾ ਸ਼ਾਨ ਨਾਲ ਤਿਰੰਗਾ ਲਹਿਰਦਾ ਨਜ਼ਰ ਆਇਆ। ਦਰਅਸਲ ਜੰਮੂ-ਕਸ਼ਮੀਰ ਦੀ ਪੁਰਾਣੀ ਪਰੰਪਰਾ ਅਤੇ ਨਿਯਮਾਂ ਅਨੁਸਾਰ ਸਕੱਤਰੇਤ 'ਤੇ ਤਿਰੰਗੇ ਨਾਲ ਰਾਜ ਦਾ ਝੰਡਾ ਵੀ ਲਹਿਰਾਇਆ ਜਾਂਦਾ ਸੀ ਪਰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਨ ਤੋਂ ਬਾਅਦ ਸੋਮਵਾਰ ਨੂੰ ਇਤਿਹਾਸ ਬਦਲ ਗਿਆ। ਉੱਥੇ ਹੀ ਉੱਪ ਰਾਜਪਾਲ ਮੁਰਮੂ ਨੇ ਨਾਗਰਿਕ ਸਕੱਤਰੇਤ 'ਚ ਆਪਣੇ ਨਵੇਂ ਦਫ਼ਤਰ ਤੋਂ ਸ਼ਾਸਨ ਦੀ ਵਾਗਡੋਰ ਸੰਭਾਲ ਲਈ। ਮੁਮੂ ਨੇ ਸਕੱਤਰੇਤ ਦੇ ਕਰਮਚਾਰੀਆਂ ਨਾਲ ਮੁਲਾਕਾਤ ਕਰ ਕੇ ਜੰਮੂ 'ਚ ਉਨ੍ਹਾਂ ਦੀ ਇੰਤਜ਼ਾਮ ਦੀ ਜਾਣਕਾਰੀ ਹਾਸਲ ਕੀਤੀ।
ਉੱਪ ਰਾਜਪਾਲ ਪਹਿਲਾਂ ਹੀ ਐਕਸ਼ਨ ਮੋਡ 'ਚ ਰਹਿਣ ਦੇ ਸੰਕੇਤ ਦੇ ਚੁਕੇ ਹਨ। ਉਹ ਪ੍ਰਸ਼ਾਸਨਿਕ ਸਕੱਤਰੇਤਾਂ ਨਾਲ ਬੈਠਕ ਕਰਨਗੇ। ਇਸ ਤੋਂ ਪਹਿਲਾਂ ਮੁਰਮੂ ਨੇ ਸਾਰੇ ਅਧਿਕਾਰੀਆਂ ਨੂੰ ਪਾਰਦਰਸ਼ੀ ਤਰੀਕੇ ਨਾਲ ਕੰਮ ਕਰਨ ਅਤੇ ਜਵਾਬਦੇਹੀ ਨਾਲ ਜਨਤਾ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਸਨ। ਦੱਸਣਯੋਗ ਹੈ ਕਿ 25 ਅਕਤੂਬਰ ਨੂੰ ਗਰਮੀਆਂ ਦੀ ਰਾਜਧਾਨੀ ਸ਼੍ਰੀਨਗਰ 'ਚ 6 ਮਹੀਨੇ ਦਾ ਆਪਣਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਸਿਵਲ ਸਕੱਤਰੇਤ ਸ਼੍ਰੀਨਗਰ 'ਚ ਸਰਕਾਰੀ ਦਫ਼ਤਰ ਬੰਦ ਹੋ ਗਏ ਸਨ। ਹੁਣ ਸਰਦੀਆਂ 'ਚ 6 ਮਹੀਨੇ ਦਾ ਕੰਮਕਾਜ ਰਾਜਧਾਨੀ ਜੰਮੂ 'ਚ ਹੋਵੇਗਾ।
ਅਧਿਕਾਰਤ ਸੂਤਰਾਂ ਅਨੁਸਾਰ ਜੰਮੂ-ਕਸ਼ਮੀਰ ਦੀ ਨਵੀਂ ਵਿਵਸਥਾ 'ਚ ਆਮ ਲੋਕਾਂ ਲਈ ਖਾਸ ਪ੍ਰਬੰਧ ਕੀਤੇ ਗਏ ਹਨ। ਕੰਮਕਾਜ ਦੇ ਦਿਨਾਂ 'ਚ ਦੁਪਹਿਰ 1 ਵਜੇ ਤੋਂ ਸ਼ਾਮ 4.30 ਵਜੇ ਤੱਕ ਦਾ ਸਮਾਂ ਪ੍ਰਸ਼ਾਸਨਿਕ ਸਕੱਤਰਾਂ ਨੂੰ ਜਨਤਾ ਦੀਆਂ ਸਮੱਸਿਆਵਾਂ ਨੂੰ ਸੁਣਨ ਲਈ ਰੱਖਿਆ ਜਾਵੇਗਾ। ਲੋਕ ਵਿਜੀਟਰ ਪਾਸ ਬਣਵਾ ਕੇ ਸੰਬੰਧਤ ਵਿਭਾਗ ਦੇ ਅਧਿਕਾਰੀ ਮਿਲ ਕੇ ਆਪਣੀ ਸਮੱਸਿਆ ਦੱਸ ਸਕਣਗੇ।