ਜੰਮੂ-ਕਸ਼ਮੀਰ 'ਚ ਸਰਪੰਚਾਂ 'ਤੇ ਹਮਲੇ, 24 ਘੰਟਿਆਂ 'ਚ ਭਾਜਪਾ ਦੇ 4 ਨੇਤਾਵਾਂ ਨੇ ਛੱਡੀ ਪਾਰਟੀ

Thursday, Aug 06, 2020 - 04:39 PM (IST)

ਸ਼੍ਰੀਨਗਰ- ਜੰਮੂ-ਕਸ਼ਮੀਰ 'ਚ ਸਰਪੰਚਾਂ ਉੱਪਰ ਹੁੰਦੇ ਜਾਨਲੇਵਾ ਹਮਲੇ ਤੋਂ ਬਾਅਦ ਭਾਜਪਾ ਦੇ 4 ਨੇਤਾਵਾਂ ਨੇ ਬੀਤੇ 24 ਘੰਟਿਆਂ 'ਚ ਅਸਤੀਫ਼ਾ ਦੇ ਦਿੱਤਾ ਹੈ। ਇਨ੍ਹਾਂ ਨੇਤਾਵਾਂ 'ਚ ਸਬਜਾਰ ਅਹਿਮਦ ਪਾਡਰ, ਨਿਸਾਰ ਅਹਿਮਦ ਵਾਨੀ ਅਤੇ ਆਸ਼ਿਕ ਹੁਸੈਨ ਪਾਲਾ ਨੇ ਪਹਿਲਾਂ ਹੀ ਅਸਤੀਫ਼ਾ ਦੇ ਦਿੱਤਾ ਸੀ ਅਤੇ ਅੱਜ ਕੁਲਗਾਮ ਦੇ ਦੇਵਸਰ ਤੋਂ ਸਰਪੰਚ ਨੇ ਵੀ ਆਪਣਾ ਅਸਤੀਫ਼ਾ ਦੇ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਜੰਮੂ-ਕਸ਼ਮੀਰ 'ਚ ਇਕ ਦਿਨ 'ਚ ਚਾਰ ਭਾਜਪਾ ਨੇਤਾਵਾਂ ਨੇ ਕੁਲਗਾਮ 'ਚ ਸਰਪੰਚਾਂ ਉੱਪਰ ਹੁੰਦੇ ਜਾਨਲੇਵਾ ਹਮਲਿਆਂ 'ਤੇ ਵਿਰੋਧ ਜਤਾਉਂਦੇ ਹੋਏ ਆਪਣਾ ਅਸਤੀਫ਼ਾ ਦੇ ਦਿੱਤਾ ਹੈ। 

ਉੱਥੇ ਹੀ ਖਬਰ ਹੈ ਕਿ ਵੀਰਵਾਰ ਨੂੰ ਹੀ ਕੁਲਗਾਮ ਜ਼ਿਲ੍ਹੇ ਦੇ ਕਾਜੀਗੁੰਡ ਬਲਾਕਰ ਦੇ ਵੇਸੂ ਪਿੰਡ 'ਚ ਭਾਜਪਾ ਸਰਪੰਚ ਸਜ਼ਾਦ ਅਹਿਮਦ 'ਤੇ ਅੱਤਵਾਦੀਆਂ ਨੇ ਹਮਲਾ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਤੋਂ ਪਹਿਲਾਂ ਹੀ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਸੀ। ਸਜ਼ਾਦ ਅਹਿਮਦ ਦੇ ਕਤਲ ਤੋਂ ਪਹਿਲਾਂ ਹੀ ਅੱਤਵਾਦੀਆਂ ਨੇ ਕਾਜੀਗੁੰਡ ਅਖਰਾਨ 'ਚ ਭਾਜਪਾ ਪੰਚ ਆਰਿਫ਼ ਅਹਿਮਦ 'ਤੇ ਹਮਲਾ ਕੀਤਾ ਸੀ। ਆਰਿਫ਼ ਅਹਿਮਦ ਇਸ ਹਮਲੇ 'ਚ ਗੰਭੀਰ ਰੂਪ ਨਾਲ ਜ਼ਖਮੀ ਹੋਏ ਸਨ। ਇਨ੍ਹਾਂ ਲਗਾਤਾਰ ਹੁੰਦੇ ਹਮਲਿਆਂ ਨਾਲ ਭਾਜਪਾ ਨੇਤਾਵਾਂ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਇਸੇ ਕਾਰਨ ਭਾਜਪਾ ਨੇਤਾ ਆਪਣਾ ਅਸਤੀਫ਼ਾ ਦੇ ਰਹੇ ਹਨ।


DIsha

Content Editor

Related News