ਜੰਮੂ ਕਸ਼ਮੀਰ ਪੁਲਸ ਨੇ ਸੁਲਝਾਇਆ 5 ਸਾਲ ਪੁਰਾਣਾ ਪੁਜਾਰੀ ਕਤਲ ਮਾਮਲਾ, ਮੁੱਖ ਦੋਸ਼ੀ ਹਰਿਆਣਾ ਤੋਂ ਗ੍ਰਿਫ਼ਤਾਰ

05/28/2024 3:39:56 PM

ਜੰਮੂ (ਭਾਸ਼ਾ)- ਜੰਮੂ ਕਸ਼ਮੀਰ ਪੁਲਸ ਨੇ ਮੰਦਰ ਦੇ ਇਕ ਪੁਜਾਰੀ ਦੇ ਕਤਲ ਦੇ 5 ਸਾਲ ਪੁਰਾਣੇ ਮਾਮਲੇ ਦੇ ਮੁੱਖ ਦੋਸ਼ੀ ਨੂੰ ਹਰਿਆਣਾ ਤੋਂ ਗ੍ਰਿਫ਼ਤਾਰ ਕਰ ਕੇ ਮੰਗਲਵਾਰ ਨੂੰ ਇਹ ਮਾਮਲਾ ਸੁਲਝਾਉਣ ਦਾ ਦਾਅਵਾ ਕੀਤਾ ਹੈ। ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਬਾਬਾ ਪ੍ਰਗਤੀ ਨਾਥ (65) 2019 'ਚ 15 ਅਤੇ 16 ਨਵੰਬਰ ਦੀ ਮੱਧ ਰਾਤ ਨੂੰ ਤੋਫ ਸ਼ੇਰਖਾਨੀਆ 'ਚ ਮੰਦਰ ਦੇ ਅੰਦਰ ਮ੍ਰਿਤਕ ਮਿਲੇ ਸਨ ਅਤੇ ਉਨ੍ਹਾਂ ਦੇ ਸਿਰ 'ਤੇ ਸੱਟ ਦੇ ਨਿਸ਼ਾਨ ਸਨ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਕਤਲ ਤੋਂ ਬਾਅਦ ਬਖ਼ਸ਼ੀ ਨਗਰ ਪੁਲਸ ਥਾਣੇ 'ਚ ਮਾਮਲਾ ਦਰਜ ਕੀਤਾ ਗਿਆ ਅਤੇ ਡੂੰਘੀ ਜਾਂਚ ਸ਼ੁਰੂ ਕੀਤੀ ਗਈ, ਜਿਸ 'ਚ 2 ਵਾਂਟੇਡ ਅਪਰਾਧੀਆਂ- ਉੱਤਰ ਪ੍ਰਦੇਸ਼ ਦੇ ਤਰਲੋਕ ਸਿੰਘ ਅਤੇ ਦੱਖਣ-ਪੱਛਮੀ ਦਿੱਲੀ ਦੇ ਆਸ਼ੀਸ਼ ਕੁਮਾਰ ਉਰਫ਼ ਹੰਸਾਈ ਨਾਥ ਦੀ ਸ਼ਮੂਲੀਅਤ ਦਾ ਪਤਾ ਲੱਗਾ। 

ਉਨ੍ਹਾਂ ਦੱਸਿਆ ਕਿ ਕਤਲ ਤੋਂ ਬਾਅਦ ਦੋਵੇਂ ਦੋਸ਼ੀ ਫਰਾਰ ਹੋ ਗਏ ਸਨ ਅਤੇ ਬਾਅਦ 'ਚ ਪਤਾ ਲੱਗਾ ਕਿ ਦੋਸ਼ੀ ਤਰਲੋਕ ਸਿੰਘ ਦੀ ਮੌਤ ਹੋ ਗਈ ਹੈ। ਅਧਿਕਾਰੀ ਨੇ ਕਿਹਾ ਕਿ ਪੁਲਸ ਨੇ ਕੁਮਾਰ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਜਾਰੀ ਰੱਖੀ ਅਤੇ ਉਸ ਨੂੰ ਬਖ਼ਸ਼ੀ ਨਗਰ ਪੁਲਸ ਥਾਣੇ ਦੇ ਇਕ ਵਿਸ਼ੇਸ਼ ਦਲ ਨੇ ਹਰਿਆਣਾ ਦੇ ਜੀਂਦ ਜ਼ਿਲ੍ਹੇ ਤੋਂ ਆਖ਼ਰਕਾਰ ਗ੍ਰਿਫ਼ਤਾਰ ਕਰ ਲਿਆ। ਅਧਿਕਾਰੀ ਨੇ ਦੱਸਿਆ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਸਿੰਘ ਅਤੇ ਕੁਮਾਰ ਉੱਤਰ ਪ੍ਰਦੇਸ਼ ਅਤੇ ਹਰਿਆਣਾ ਵਰਗੇ ਸੂਬਿਆਂ 'ਚ ਚੋਰੀ, ਧੋਖਾਧੜੀ ਅਤੇ ਕਤਲ ਸਮੇਤ ਕਈ ਅਪਰਾਧਕ ਗਤੀਵਿਧੀਆਂ 'ਚ ਸ਼ਾਮਲ ਇਕ ਗਿਰੋਹ ਦਾ ਹਿੱਸਾ ਸਨ। ਉਨ੍ਹਾਂ ਕਿਹਾ ਕਿ ਕੁਮਾਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਸਾਰੀਆਂ ਜ਼ਰੂਰੀ ਕਾਨੂੰਨੀ ਕਾਰਵਾਈਆਂ ਪੂਰੀਆਂ ਕੀਤੀਆਂ ਗਈਆਂ ਹਨ ਅਤੇ ਮਾਮਲੇ 'ਚ ਦੋਸ਼ ਪੱਤਰ ਦਾਖ਼ਲ ਕੀਤਾ ਗਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News