ਜੰਮੂ-ਕਸ਼ਮੀਰ ਦੇ ਰਾਜਪਾਲ ਸਤਪਾਲ ਮਲਿਕ ਨੂੰ ਸਤਾ ਰਿਹੈ ‘ਤਬਾਦਲੇ ਦਾ ਡਰ’

11/29/2018 2:59:39 AM

ਸ਼੍ਰੀਨਗਰ— ਜੰਮੂ-ਕਸ਼ਮੀਰ ’ਚ ਵਿਧਾਨ ਸਭਾ ਭੰਗ ਕਰਨ ਨੂੰ ਲੈ ਕੇ ਦਿੱਤੇ ਵਿਵਾਦ ਵਾਲੇ ਬਿਆਨ ਤੋਂ ਬਾਅਦ ਰਾਜਪਾਲ ਸਤਪਾਲ ਮਲਿਕ ਨੂੰ ਤਬਾਦਲੇ ਦਾ ਡਰ ਸਤਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਹੁਦੇ ਤੋਂ ਤਾਂ ਨਹੀਂ ਹਟਾਇਆ ਜਾਵੇਗਾ ਪਰ ਉਨ੍ਹਾਂ ਨੂੰ ਨਹੀਂ ਪਤਾ ਕਿ ਉਨ੍ਹਾ ਨੂੰ ਕਦੋਂ ਦੂਜੇ ਰਾਜ ਵਿਚ ਭੇਜ ਦਿੱਤਾ ਜਾਵੇ। ਦੱਸ ਦਈਏ ਕਿ ਸ਼ਨੀਵਾਰ ਨੂੰ ਰਾਜਪਾਲ ਮਲਿਕ ਨੇ ਕਿਹਾ ਸੀ ਕਿ ਕੇਂਦਰ ਸਰਕਾਰ ਚਾਹੁੰਦੀ ਹੈ ਕਿ ਸੱਜਾਦ ਲੋਨ ਨੂੰ ਸਰਕਾਰ ਬਣਾਉਣ ਦਾ ਮੌਕਾ ਦਿੱਤਾ ਜਾਵੇ ਪਰ ਉਨ੍ਹਾਂ ਨੇ ਕੇਂਦਰ ਸਰਕਾਰ ਦੀ ਗੱਲ ਨਾ ਮੰਨਦੇ ਹੋਏ ਵਿਧਾਨ ਸਭਾ ਨੂੰ ਭੰਗ ਕਰ ਦਿੱਤਾ। ਰਾਜਪਾਲ ਮਲਿਕ ਨੇ ਕਿਹਾ ‘‘ਮੈਂ ਕਿੰਨੇ ਦਿਨ ਇਥੇ ਹਾਂ, ਇਹ ਮੇਰੇ ਹੱਥ ਨਹੀਂ ਹੈ। ਮੈਨੂੰ ਨਹੀਂ ਪਤਾ ਕਿ ਮੇਰਾ ਕਦੋਂ ਤਬਾਦਲਾ ਕਰ ਦਿੱਤਾ ਜਾਵੇਗਾ। ਮੈਨੂੰ ਅਹੁਦੇ ਤੋਂ ਨਹੀਂ ਹਟਾਇਆ ਜਾਵੇਗਾ ਪਰ ਮੇਰੇ ਤਬਾਦਲੇ ਦਾ ਖਦਸ਼ਾ ਹੈ, ਜਦੋਂ ਤਕ ਮੈਂ ਇਥੇ ਹਾਂ, ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਜਦੋਂ ਵੀ ਤੁਸੀਂ ਮੈਨੂੰ ਬੁਲਾਉਗੋ, ਮੈਂ ਆਉਂਦਾ ਰਹਾਂਗਾ।’’
ਸਤਪਾਲ ਮਲਿਕ ਪਿਛਲੇ 3 ਮਹੀਨਿਆਂ ਤੋਂ ਜੰਮੂ-ਕਸ਼ਮੀਰ ਦੇ ਰਾਜਪਾਲ ਦੇ ਅਹੁਦੇ ’ਤੇ ਹਨ। ਜ਼ਿਕਰਯੋਗ ਹੈ ਕਿ ਰਾਜਪਾਲ ਨੇ ਪ੍ਰਦੇਸ਼ ਦੀ ਸਰਕਾਰ ਬਣਾਉਣ ਨੂੰ ਲੈ ਕੇ ਮਹਿਬੂਬਾ ਮੁਫਤੀ ਤੇ ਸੱਜਾਦ ਲੋਨ ਦੇ ਦਾਅਵੇ ਤੋਂ ਬਾਅਦ ਵਿਧਾਨ ਸਭਾ ਭੰਗ ਕਰ ਦਿੱਤੀ ਸੀ। ਮਹਿਬੂਬਾ ਮੁਫਤੀ ਨੇ ਕਾਂਗਰਸ ਤੇ ਨੈਸ਼ਨਲ ਦੀ ਹਮਾਇਤ ਨਾਲ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਸੀ। ਓਧਰ ਸੱਜਾਦ ਲੋਨ ਨੇ ਭਾਜਪਾ ਦੀ ਹਮਾਇਤ ਨਾਲ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਸੀ।


Inder Prajapati

Content Editor

Related News