ਜੰਮੂ-ਕਸ਼ਮੀਰ ''ਚ 5300 ਦੇ ਪਾਰ ਹੋਈ ਕੋਰੋਨਾ ਮਰੀਜ਼ਾਂ ਦੀ ਗਿਣਤੀ, ਹੁਣ ਤੱਕ 64 ਦੀ ਗਈ ਜਾਨ
Wednesday, Jun 17, 2020 - 02:04 PM (IST)
ਸ਼੍ਰੀਨਗਰ- ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ 'ਚ ਇਕ ਬਜ਼ੁਰਗ ਵਿਅਕਤੀ ਦੀ ਬੁੱਧਵਾਰ ਨੂੰ ਕੋਰੋਨਾ ਵਾਇਰਸ (ਕੋਵਿਡ-19) ਮਹਾਮਾਰੀ ਦੇ ਇਨਫੈਕਸ਼ਨ ਨਾਲ ਮੌਤ ਹੋ ਗਈ। ਇਸ ਦੇ ਨਾਲ ਪ੍ਰਦੇਸ਼ 'ਚ ਕੋਰੋਨਾ ਇਨਫੈਕਸ਼ਨ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 64 ਹੋ ਗਈ। ਸੂਤਰਾਂ ਅਨੁਸਾਰ ਸ਼ੋਪੀਆਂ ਦੇ 65 ਸਾਲਾ ਬਜ਼ੁਰਗ ਦੀ ਕੋਰੋਨਾ ਇਨਫੈਕਸ਼ਨ ਨਾਲ ਮੌਤ ਹੋ ਗਈ। ਬਜ਼ੁਰਗ ਦੀ ਮੌਤ ਨਾਲ ਪ੍ਰਦੇਸ਼ 'ਚ 13 ਦਿਨਾਂ 'ਚ ਇਸ ਦੇ ਇਨਫੈਕਸ਼ਨ ਕਾਰਨ 28 ਲੋਕਾਂ ਦੀ ਜਾਨ ਚੱਲੀ ਗਈ ਅਤੇ 29 ਦਿਨਾਂ 'ਚ 49 ਲੋਕਾਂ ਦੀ ਮੌਤ ਹੋ ਗਈ। ਪ੍ਰਦੇਸ਼ 'ਚ ਕੋਰੋਨਾ ਪੀੜਤਾਂ ਦੀ ਗਿਣਤੀ 5300 ਦੇ ਪਾਰ ਹੋ ਗਈ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਬਜ਼ੁਰਗ ਵਿਅਕਤੀ ਨੂੰ ਬੁਖਾਰ ਅਤੇ ਸਾਹ ਦੀ ਪਰੇਸ਼ਾਨੀ ਕਾਰਨ ਸੋਮਵਾਰ ਨੂੰ ਐੱਸ.ਕੇ. ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ (ਐੱਸ.ਕੇ.ਆਈ.ਐੱਮ.ਐੱਸ.) 'ਚ ਭਰਤੀ ਕਰਵਾਇਆ ਗਿਆ ਸੀ।
ਮਰੀਜ਼ ਦਾ ਕੋਰੋਨਾ ਪ੍ਰੀਖਣ ਪਾਜ਼ੇਟਿਵ ਆਇਆ ਅਤੇ ਉਨ੍ਹਾਂ ਨੂੰ ਫੇਫੜਿਆਂ ਨਾਲ ਸੰਬੰਧਤ ਬੀਮਾਰੀ ਵੀ ਸੀ। ਉਨ੍ਹਾਂ ਦੱਸਿਆ ਕਿ ਬਜ਼ੁਰਗ ਨੂੰ ਅੱਜ ਯਾਨੀ ਬੁੱਧਵਾਰ ਤੜਕੇ ਦਿਲ ਦਾ ਦੌਰਾ ਪਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ। ਬਜ਼ੁਰਗ ਦੀ ਮੌਤ ਨਾਲ ਸ਼ੋਪੀਆਂ 'ਚ ਕੋਰੋਨਾ ਇਨਫੈਕਸ਼ਨ ਨਾਲ ਮਰਨ ਵਾਲਿਆਂ ਦੀ ਗਿਣਤੀ 7 ਹੋ ਗਈ ਹੈ। ਸ਼੍ਰੀਨਗਰ ਇਸ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੈ ਅਤੇ ਕੋਰੋਨਾ ਇਨਫੈਕਸ਼ਨ ਨਾਲ 14 ਲੋਕਾਂ ਦੀ ਮੌਤ ਹੋ ਚੁਕੀ ਹੈ। ਬਾਰਾਮੂਲਾ 'ਚ 11 ਲੋਕਾਂ ਦੀ ਮੌਤ ਨਾਲ ਇਹ ਦੂਜੇ ਸਥਾਨ 'ਤੇ, ਕੁਲਗਾਮ 'ਚ 8 ਜਦੋਂ ਕਿ ਅਨੰਤਨਾਗ ਅਤੇ ਕੁਪਵਾੜਾ 'ਚ ਕੋਰੋਨਾ ਇਨਫੈਕਸ਼ਨ ਨਾਲ 5-5 ਮਰੀਜ਼ਾਂ ਦੀ ਮੌਤ ਹੋ ਚੁਕੀ ਹੈ। ਜੰਮੂ ਦੇ 10 ਜ਼ਿਲ੍ਹਿਆਂ 'ਚ ਕੋਰੋਨਾ ਇਨਫੈਕਸ਼ਨ ਨਾਲ 7 ਲੋਕਾਂ ਦੀ ਮੌਤ ਹੋਈ ਹੈ, ਜਦੋਂ ਕਿ ਕਸ਼ਮੀਰ ਦੇ 10 ਜ਼ਿਲ੍ਹਿਆਂ 'ਚ ਇਸ ਨਾਲ 57 ਲੋਕਾਂ ਦੀ ਜਾਨ ਚੱਲੀ ਗਈ ਹੈ। ਪ੍ਰਦੇਸ਼ 'ਚ ਕੋਰੋਨਾ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 5300 ਦੇ ਪਾਰ ਪਹੁੰਚ ਗਈ ਹੈ, ਜਦੋਂ ਕਿ 2,781 ਮਰੀਜ਼ਾਂ ਨੂੰ ਠੀਕ ਕਰਨ ਤੋਂ ਬਾਅਦ ਹਸਪਤਾਲਾਂ ਤੋਂ ਛੁੱਟੀ ਮਿਲ ਚੁਕੀ ਹੈ।