ਕਸ਼ਮੀਰ ’ਚ ਛਾਪੇਮਾਰੀ ਦੌਰਾਨ ਸੀ. ਆਈ. ਕੇ. ਦੀ ਹਿਰਾਸਤ ਵਿਚ ਡਾਕਟਰ ਅਤੇ ਉਸਦੀ ਪਤਨੀ
Tuesday, Nov 18, 2025 - 09:18 PM (IST)
ਸ਼੍ਰੀਨਗਰ/ਜੰਮੂ, (ਉਦੈ)- ਕਾਊਂਟਰ ਇੰਟੈਲੀਜੈਂਸ ਕਸ਼ਮੀਰ ਨੇ ਸ਼੍ਰੀਨਗਰ, ਕੁਲਗਾਮ ਅਤੇ ਅਨੰਤਨਾਗ ਜ਼ਿਲਿਆਂ ਵਿਚ ਗੈਰ-ਕਾਨੂੰਨੀ ਗਤੀਵਿਧੀਆਂ ਦੀ ਚੱਲ ਰਹੀ ਜਾਂਚ ਦੇ ਤਹਿਤ ਤਲਾਸ਼ੀ ਮੁਹਿੰਮ ਦੌਰਾਨ ਸ਼੍ਰੀਨਗਰ ਦੇ ਇਕ ਡਾਕਟਰ ਅਤੇ ਉਸਦੀ ਪਤਨੀ ਨੂੰ ਹਿਰਾਸਤ ਵਿਚ ਲਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਭਾਰਤੀ ਦੰਡ ਸੰਹਿਤਾ ਅਤੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਦੀਆਂ ਧਾਰਾਵਾਂ ਤਹਿਤ ਦਰਜ ਐੱਫ. ਆਈ. ਆਰ. ਸਬੰਧੀ ਐੱਨ. ਆਈ. ਏ. ਐਕਟ ਤਹਿਤ ਮਨੋਨੀਤ ਅਦਾਲਤ ਵੱਲੋਂ ਜਾਰੀ ਵਾਰੰਟਾਂ ਦੇ ਆਧਾਰ ’ਤੇ 4 ਥਾਵਾਂ ’ਤੇ ਤਲਾਸ਼ੀ ਲਈ ਗਈ। ਮੁਹਿੰਮ ਦੌਰਾਨ ਜਾਂਚਕਰਤਾਵਾਂ ਨੇ ਡਾ. ਉਮਰ ਫਾਰੂਕ ਭੱਟ, ਜੋ ਇਸ ਸਮੇਂ ਸ਼੍ਰੀਨਗਰ ਦੇ ਸ਼ੀਰਨ ਬਾਗ ਦੇ ਸੁਪਰ ਸਪੈਸ਼ਲਿਟੀ ਹਸਪਤਾਲ ਵਿਚ ਤਾਇਨਾਤ ਹਨ ਅਤੇ ਉਨ੍ਹਾਂ ਦੀ ਪਤਨੀ ਸ਼ਹਿਜ਼ਾਦਾ ਅਖਤਰ ਨੂੰ ਵੀ ਹਿਰਾਸਤ ਵਿਚ ਲਿਆ ਹੈ। ਅਖਤਰ ਬੁਗਾਮ ਕੁਲਗਾਮ ਦੀ ਮੂਲ ਨਿਵਾਸੀ ਹੈ।
ਅਧਿਕਾਰੀਆਂ ਮੁਤਾਬਕ, ਸੀ. ਆਈ. ਕੇ. ਦੀਆਂ ਟੀਮਾਂ ਨੇ 5 ਮੋਬਾਈਲ ਫੋਨ, 5 ਸਿਮ ਕਾਰਡ, ਇਕ ਟੈਬਲੇਟ ਅਤੇ ਜਾਂਚ ਨਾਲ ਸਬੰਧਤ ਵਾਧੂ ਸਮੱਗਰੀ ਸਮੇਤ ਕਈ ਡਿਜੀਟਲ ਯੰਤਰ ਜ਼ਬਤ ਕੀਤੇ ਹਨ। ਬਰਾਮਦ ਯੰਤਰਾਂ ਨੂੰ ਸੰਭਾਵਿਤ ਡਿਜੀਟਲ ਨੈੱਟਵਰਕ ਦਾ ਪਤਾ ਲਗਾਉਣ ਅਤੇ ਮੁਲਜ਼ਮਾਂ ਨਾਲ ਸਬੰਧਤ ਆਨਲਾਈਨ ਗਤੀਵਿਧੀਆਂ ਦਾ ਮੁਲਾਂਕਣ ਕਰਨ ਲਈ ਫਾਰੈਂਸਿਕ ਵਿਸ਼ਲੇਸ਼ਣ ਲਈ ਭੇਜਿਆ ਗਿਆ ਹੈ।
