ਜੰਮੂ-ਕਸ਼ਮੀਰ : ਸੋਪੋਰ 'ਚ ਬੱਸ ਸਟੈਂਡ ਕੋਲ ਅੱਤਵਾਦੀਆਂ ਨੇ ਕੀਤਾ ਗ੍ਰਨੇਡ ਹਮਲਾ, 15 ਜ਼ਖਮੀ
Monday, Oct 28, 2019 - 04:47 PM (IST)

ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਸੋਪੋਰ 'ਚ ਅੱਜ ਯਾਨੀ ਸੋਮਵਾਰ ਨੂੰ ਅੱਤਵਾਦੀਆਂ ਨੇ ਬੱਸ ਸਟੈਂਡ 'ਤੇ ਗ੍ਰਨੇਡ ਹਮਲਾ ਕਰ ਦਿੱਤਾ। ਇਸ ਹਮਲੇ 'ਚ 15 ਲੋਕ ਜ਼ਖਮੀ ਹੋ ਗਏ ਹਨ। ਜ਼ਖਮੀਆਂ 'ਚੋਂ 6 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਅੱਤਵਾਦੀਆਂ ਨੇ ਸੋਪੋਰ ਦੇ ਭੀੜ ਭਰੇ ਬੱਸ ਸਟੈਂਡ ਨੂੰ ਨਿਸ਼ਾਨਾ ਬਣਾ ਕੇ ਲੋਕਾਂ 'ਤੇ ਗ੍ਰਨੇਡ ਹਮਲਾ ਕਰ ਕੇ ਡਰ ਦਾ ਮਾਹੌਲ ਬਣਾ ਦਿੱਤਾ। ਹਮਲੇ ਦੇ ਤੁਰੰਤ ਬਾਅਦ ਸਥਾਨਕ ਲੋਕਾਂ ਅਤੇ ਪੁਲਸ ਦੀ ਮਦਦ ਨਾਲ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਪਹੁੰਚਾਇਆ ਗਿਆ ਹੈ। ਫਿਲਹਾਲ ਕਿਸੇ ਵੀ ਅੱਤਵਾਦੀ ਸੰਗਠਨ ਨੇ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਬੀਤੇ ਤਿੰਨ ਦਿਨਾਂ 'ਚ ਕਸ਼ਮੀਰ 'ਚ ਇਹ ਦੂਜਾ ਗ੍ਰਨੇਡ ਹਮਲਾ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਸ਼੍ਰੀਨਗਰ ਦੇ ਕਰਣ ਨਗਰ ਇਲਾਕੇ 'ਚ ਸੀ.ਆਰ.ਪੀ.ਐੱਫ. ਦੇ 6 ਜਵਾਨ ਅੱਤਵਾਦੀਆਂ ਦੇ ਗ੍ਰਨੇਡ ਹਮਲੇ 'ਚ ਜ਼ਖਮੀ ਹੋਏ ਸਨ।
ਮਿਲੀ ਜਾਣਕਾਰੀ ਅਨੁਸਾਰ, ਸੋਮਵਾਰ ਸ਼ਾਮ ਕਰੀਬ 4.15 ਵਜੇ ਸੋਪੋਰ 'ਚ ਬੱਸ ਸਟੈਂਡ ਕੋਲੋਂ ਲੰਘ ਰਹੇ ਸੁਰੱਖਿਆ ਫੋਰਸਾਂ ਦੇ ਇਕ ਗਸ਼ਤੀ ਦਲ ਨੂੰ ਨਿਸ਼ਾਨਾ ਬਣਾਉਂਦੇ ਹੋਏ ਅੱਤਵਾਦੀਆਂ ਨੇ ਗ੍ਰਨੇਡ ਹਮਲਾ ਕੀਤਾ। ਗ੍ਰਨੇਡ ਸੁੱਟਦੇ ਸਮੇਂ ਅੱਤਵਾਦੀਆਂ ਦਾ ਨਿਸ਼ਾਨਾ ਚੂਕ ਗਏ ਅਤੇ ਗ੍ਰਨੇਡ ਲੋਕਾਂ ਦੀ ਭੀੜ 'ਚ ਡਿੱਗ ਕੇ ਫਟ ਗਿਆ। ਬੰਬ ਧਮਾਕਾ ਹੁੰਦੇ ਹੀ ਉੱਥੇ ਭੱਜ-ਦੌੜ ਮਚ ਗਈ। ਇਸ ਦਰਮਿਆਨ ਪੁਲਸ ਅਤੇ ਨੀਮ ਫੌਜੀ ਫੋਰਸ ਦੇ ਜਵਾਨ ਮੌਕੇ 'ਤੇ ਪਹੁੰਚ ਗਏ। ਉੱਥੇ ਖੂਨ ਨਾਲ ਲੱਥਪੱਥ ਸੜਕ 'ਤੇ ਡਿੱਗੇ ਸਾਰੇ ਜ਼ਖਮੀਆਂ ਨੂੰ ਇਲਾਜ ਲਈ ਜ਼ਿਲਾ ਹਸਪਤਾਲ ਪਹੁੰਚਾਉਂਦੇ ਹੋਏ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਲਈ। ਹਸਪਤਾਲ 'ਚ ਡਾਕਟਰਾਂ ਅਨੁਸਾਰ 15 ਲੋਕਾਂ ਨੂੰ ਇਲਾਜ ਲਈ ਲਿਆਂਦਾ ਗਿਆ ਹੈ, ਇਨ੍ਹਾਂ 'ਚੋਂ 6 ਦੀ ਹਾਲਤ ਗੰਭੀਰ ਹੈ। ਸੁਰੱਖਿਆ ਫੋਰਸਾਂ ਨੇ ਗ੍ਰਨੇਡ ਹਮਲੇ 'ਚ ਸ਼ਾਮਲ ਅੱਤਵਾਦੀਆਂ ਫੜਨ ਲਈ ਸੋਪੋਰ ਬੱਸ ਸਟੈਂਡ ਅਤੇ ਉਸ ਦੇ ਨਾਲ ਲੱਗਦੇ ਇਲਾਕਿਆਂ ਦੀ ਘੇਰਾਬੰਦੀ ਕਰਦੇ ਹੋਏ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।