ਜੰਮੂ ਕਸ਼ਮੀਰ : ਦੇਸ਼ ਦੇ ਸਭ ਤੋਂ ਪੁਰਾਣੇ ਸੂਰਿਆ ਮੰਦਰ ਦਾ ਮੁੜ ਹੋਵੇਗਾ ਨਿਰਮਾਣ

Saturday, Apr 27, 2024 - 11:28 AM (IST)

ਜੰਮੂ ਕਸ਼ਮੀਰ : ਦੇਸ਼ ਦੇ ਸਭ ਤੋਂ ਪੁਰਾਣੇ ਸੂਰਿਆ ਮੰਦਰ ਦਾ ਮੁੜ ਹੋਵੇਗਾ ਨਿਰਮਾਣ

ਸ਼੍ਰੀਨਗਰ- ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ 'ਚ ਸਥਿਤ ਦੇਸ਼ ਦੇ ਸਭ ਤੋਂ ਪੁਰਾਣੇ ਸੂਰਿਆ ਮੰਦਰ ਨੂੰ ਪੁਰਾਣਾ ਵੈਭਵ ਵਾਪਸ ਮਿਲੇਗਾ। ਕਰੀਬ 600 ਸਾਲ ਬਾਅਦ ਇਸ ਮੰਦਰ ਦਾ ਮੁੜ ਨਿਰਮਾਣ ਕੀਤੇ ਜਾਣ ਦੀ ਉਮੀਦ ਜਾਗੀ ਹੈ। ਕਸ਼ਮੀਰੀ ਪੰਡਿਤ ਅਤੇ ਹੋਰ ਹਿੰਦੂ ਸੰਗਠਨ ਸਾਲਾਂ ਤੋਂ ਇਸ ਦੇ ਮੁੜ ਨਿਰਮਾਣ ਦੀ ਮੰਗ ਕਰ ਰਹੇ ਹਨ। ਇਸ ਲਈ ਮੁਹਿੰਮ ਚਲਾ ਰਹੇ ਐਡਵੋਕੇਟ ਆਰਥਰ ਨੇ ਕਿਹਾ ਕਿ ਇਕ ਅਪ੍ਰੈਲ ਨੂੰ ਅਸੀਂ ਸਰਕਾਰੀ ਅਧਿਕਾਰੀਆਂ ਨਾਲ ਉੱਚ ਪੱਧਰੀ ਬੈਠਕ ਕੀਤੀ, ਜਿੱਥੇ ਮੰਦਰ 'ਤੇ ਕੰਮ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਗਿਆ। ਰਾਜਾ ਲਲਿਤਾਦਿਤਿਯ ਮੁਕਤਪਦ ਨੇ 750 ਈਸਵੀ 'ਚ ਇਸ ਦਾ ਨਿਰਮਾਣ ਕਰਵਾਇਆ ਸੀ। ਭਾਰਤੀ ਪੁਰਾਤੱਤਵ ਵਿਭਾਗ (ਏ.ਐੱਸ.ਆਈ.), ਜੰਮੂ ਕਸ਼ਮੀਰ ਦੇ ਸੁਪਰਡੈਂਟ ਰਾਹੁਲ ਰਮੇਸ਼ ਭੋਂਸਲੇ ਨੇ ਕਿਹਾ ਕਿ ਇਸ ਸੰਬੰਧ 'ਚ ਇਕ ਵੱਡਾ ਪ੍ਰਾਜੈਕਟ ਹੈ। ਜਦੋਂ ਇਹ ਪੂਰਾ ਹੋ ਜਾਵੇਗਾ ਤਾਂ ਕਾਸ਼ੀ ਅਤੇ ਮਹਾਕਾਲ ਗਲਿਆਰੇ ਵਰਗਾ ਹੋਵੇਗਾ। ਪ੍ਰਸਤਾਵ ਨੂੰ ਮਨਜ਼ੂਰੀ ਲਈ ਨਵੀਂ ਦਿੱਲੀ ਭੇਜਿਆ ਗਿਆ ਹੈ। 

ਮੰਦਰ ਅਤੇ ਉਸ ਦੇ ਨੇੜੇ-ਤੇੜੇ ਇਕ ਏਕੜ ਤੋਂ ਵੱਧ ਖੇਤਰ 'ਚ ਨਿਰਮਾਣ ਹੋਵੇਗਾ। ਡਰੋਨ ਸਰਵੇਖਣ, ਲਿਡਾਰ ਸਰਵੇਖਣ, ਜੀਆਈਐੱਸ ਸਰਵੇਖਣ ਅਤੇ ਜੀਪੀਐੱਸ ਪੋਜੀਸ਼ਨਿੰਗ ਕੀਤੀ ਜਾਵੇਗੀ। ਫਰਸ਼, ਕੰਧਾਂ ਦੀ ਮੁਰੰਮਤ ਹੋਵੇਗੀ। ਪਹਿਲੇ ਪੜਾਅ 'ਚ ਕਰੀਬ 3 ਕਰੋੜ ਰੁਪਏ ਖਰਚ ਹੋਣਗੇ। ਇਸ 'ਚ ਮੰਦਰ ਦਾ ਪੂਰਾ ਵਿਗਿਆਨਕ ਅਧਿਐਨ ਕੀਤਾ ਜਾਵੇਗਾ। ਇਸ ਦੇ ਆਧਾਰ 'ਤੇ ਮੰਦਰ ਦੇ ਮੁੜ ਨਿਰਮਾਣ ਦੀ ਰੂਪਰੇਖਾ ਤਿਆਰ ਕੀਤੀ ਜਾਵੇਗੀ। ਸ਼ਾਰਦਾ ਬਚਾਓ ਕਮੇਟੀ ਦੇ ਮੁਖੀ ਰਵਿੰਦਰ ਪੰਡਿਤਾ ਨੇ ਕਿਹਾ ਕਿ ਅਸੀਂ ਇਸ ਮੰਦਰ ਦੀ ਮੁਰੰਮਤ ਦੀ ਮੰਗ ਕਰ ਰਹੇ ਹਾਂ ਤਾਂ ਕਿ ਅਸੀਂ ਪੂਜਾ ਕਰ ਸਕੀਏ। ਗੁਜਰਾਤ ਜਾਂ ਓਡੀਸ਼ਾ ਦੇ ਸੂਰਿਆ ਮੰਦਰ 'ਚ ਪੂਜਾ-ਪਾਠ ਕੀਤਾ ਜਾਂਦਾ ਹੈ ਪਰ ਮਾਰਤੰਡਿਆ ਮੰਦਰ 'ਚ ਪੂਜਾ ਨਹੀਂ ਹੁੰਦੀ ਹੈ। ਇਹ ਏ.ਐੱਸ.ਆਈ. ਦੀ ਸੁਰੱਖਿਆ 'ਚ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News