900 ਕਰੋੜ ਦੇ ਜਲ ਜੀਵਨ ਮਿਸ਼ਨ ਘਪਲੇ ''ਚ ਸਾਬਕਾ IAS ਅਧਿਕਾਰੀ ਗ੍ਰਿਫ਼ਤਾਰ
Friday, Apr 10, 2026 - 12:42 PM (IST)
ਜੈਪੁਰ- ਰਾਜਸਥਾਨ ਵਿੱਚ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ (ACB) ਨੇ ਬਹੁ-ਚਰਚਿਤ 'ਜਲ ਜੀਵਨ ਮਿਸ਼ਨ' (JJM) ਘਪਲੇ 'ਚ ਵੱਡੀ ਸਫ਼ਲਤਾ ਹਾਸਲ ਕਰਦਿਆਂ ਫਰਾਰ ਚੱਲ ਰਹੇ ਸਾਬਕਾ ਭਾਰਤੀ ਪ੍ਰਸ਼ਾਸਨਿਕ ਸੇਵਾ (IAS) ਅਧਿਕਾਰੀ ਸੁਬੋਧ ਅਗਰਵਾਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਬਿਊਰੋ ਦੇ ਡਾਇਰੈਕਟਰ ਜਨਰਲ ਗੋਵਿੰਦ ਗੁਪਤਾ ਨੇ ਦੱਸਿਆ ਕਿ ਸਾਬਕਾ ਵਧੀਕ ਮੁੱਖ ਸਕੱਤਰ (ACS) ਸੁਬੋਧ ਅਗਰਵਾਲ ਨੂੰ ਵੀਰਵਾਰ ਨੂੰ ਨਵੀਂ ਦਿੱਲੀ ਤੋਂ ਹਿਰਾਸਤ 'ਚ ਲਿਆ ਗਿਆ ਸੀ।
960 ਕਰੋੜ ਦੇ ਫਰਜ਼ੀ ਟੈਂਡਰ ਅਤੇ 20 ਹਜ਼ਾਰ ਕਰੋੜ ਦੀ ਹੇਰਾਫੇਰੀ
ਜਾਂਚ 'ਚ ਸਾਹਮਣੇ ਆਇਆ ਹੈ ਕਿ 'ਮੈਸਰਜ਼ ਸ਼੍ਰੀ ਗਣਪਤੀ ਟਿਊਬਵੈੱਲ' ਅਤੇ 'ਮੈਸਰਜ਼ ਸ਼੍ਰੀ ਸ਼ਿਆਮ ਟਿਊਬਵੈੱਲ' ਨਾਮਕ ਫਰਮਾਂ ਨੇ ਇਰਕਾਨ ਇੰਟਰਨੈਸ਼ਨਲ ਲਿਮਟਿਡ ਦੇ ਫਰਜ਼ੀ ਕਾਰਜ ਪੂਰਨਤਾ ਸਰਟੀਫਿਕੇਟ ਤਿਆਰ ਕਰਕੇ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਮਿਲੀਭਗਤ ਨਾਲ 960 ਕਰੋੜ ਰੁਪਏ ਦੇ ਟੈਂਡਰ ਹਾਸਲ ਕੀਤੇ ਸਨ। ਇਸ ਤੋਂ ਇਲਾਵਾ, ਸੁਬੋਧ ਅਗਰਵਾਲ ਅਤੇ ਹੋਰ ਅਧਿਕਾਰੀਆਂ ਨੇ ਨਿਯਮਾਂ ਦੇ ਉਲਟ 50 ਕਰੋੜ ਤੋਂ ਵੱਧ ਦੇ ਵੱਡੇ ਪ੍ਰਾਜੈਕਟਾਂ 'ਚ 'ਸਾਈਟ ਵਿਜ਼ਿਟ ਸਰਟੀਫਿਕੇਟ' ਦੀ ਸ਼ਰਤ ਰੱਖ ਕੇ ਟੈਂਡਰ ਪੂਲਿੰਗ ਕਰਵਾਈ, ਜਿਸ ਨਾਲ 30 ਤੋਂ 40 ਫੀਸਦੀ ਉੱਚੇ ਰੇਟਾਂ 'ਤੇ ਟੈਂਡਰ ਪਾਸ ਕੀਤੇ ਗਏ। ਇਨ੍ਹਾਂ ਟੈਂਡਰਾਂ ਦੀ ਕੁੱਲ ਰਾਸ਼ੀ ਲਗਭਗ 20,000 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਹੁਣ ਤੱਕ 11 ਗ੍ਰਿਫ਼ਤਾਰੀਆਂ, 3 ਅਜੇ ਵੀ ਫਰਾਰ
ਇਸ ਮਾਮਲੇ 'ਚ ਹੁਣ ਤੱਕ ਕਈ ਮੁੱਖ ਇੰਜੀਨੀਅਰਾਂ ਅਤੇ ਉੱਚ ਅਧਿਕਾਰੀਆਂ ਸਮੇਤ 11 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਪੁਲਿਸ ਅਨੁਸਾਰ ਤਿੰਨ ਹੋਰ ਮੁਲਜ਼ਮ ਮੁਕੇਸ਼ ਗੋਇਲ, ਜਤਿੰਦਰ ਸ਼ਰਮਾ ਅਤੇ ਸੰਜੀਵ ਗੁਪਤਾ ਅਜੇ ਵੀ ਫਰਾਰ ਹਨ, ਜਿਨ੍ਹਾਂ ਖ਼ਿਲਾਫ਼ ਸਥਾਈ ਵਾਰੰਟ ਜਾਰੀ ਕੀਤੇ ਗਏ ਹਨ ਅਤੇ ਉਨ੍ਹਾਂ ਦੀ ਜਾਇਦਾਦ ਕੁਰਕ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ACB ਦੀ ਵਧੀਕ ਡਾਇਰੈਕਟਰ ਜਨਰਲ ਸਮਿਤਾ ਸ਼੍ਰੀਵਾਸਤਵ ਦੀ ਦੇਖ-ਰੇਖ ਹੇਠ ਗ੍ਰਿਫ਼ਤਾਰ ਕੀਤੇ ਗਏ ਸੁਬੋਧ ਅਗਰਵਾਲ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਸ ਘਪਲੇ ਦੀਆਂ ਹੋਰ ਪਰਤਾਂ ਖੋਲ੍ਹੀਆਂ ਜਾ ਸਕਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
