29 ਦਸੰਬਰ ਤੋਂ 3 ਜਨਵਰੀ ਤੱਕ ਸਾਈਪ੍ਰਸ, ਆਸਟ੍ਰੀਆ ਦੀ ਯਾਤਰਾ ''ਤੇ ਜਾਣਗੇ ਵਿਦੇਸ਼ ਮੰਤਰੀ ਜੈਸ਼ੰਕਰ
Wednesday, Dec 28, 2022 - 03:46 PM (IST)
ਨਵੀਂ ਦਿੱਲੀ (ਭਾਸ਼ਾ)- ਵਿਦੇਸ਼ ਮੰਤਰੀ ਐੱਸ ਜੈਸ਼ੰਕਰ 29 ਦਸੰਬਰ ਤੋਂ 3 ਜਨਵਰੀ ਤੱਕ ਅਧਿਕਾਰਤ ਦੌਰੇ 'ਤੇ ਸਾਈਪ੍ਰਸ ਅਤੇ ਆਸਟ੍ਰੀਆ ਜਾਣਗੇ। ਵਿਦੇਸ਼ ਮੰਤਰਾਲਾ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਵਿਦੇਸ਼ ਮੰਤਰਾਲਾ ਦੇ ਬਿਆਨ ਮੁਤਾਬਕ ਜੈਸ਼ੰਕਰ 29 ਤੋਂ 31 ਦਸੰਬਰ 2022 ਤੱਕ ਸਾਈਪ੍ਰਸ ਦੇ ਦੌਰੇ 'ਤੇ ਹੋਣਗੇ। ਇਸ ਸਾਲ ਭਾਰਤ ਅਤੇ ਸਾਈਪ੍ਰਸ ਦਰਮਿਆਨ ਕੂਟਨੀਤਕ ਸਬੰਧਾਂ ਦੀ 60ਵੀਂ ਵਰ੍ਹੇਗੰਢ ਹੈ। ਬਿਆਨ ਮੁਤਾਬਕ ਆਪਣੀ ਯਾਤਰਾ ਦੌਰਾਨ ਜੈਸ਼ੰਕਰ ਆਪਣੇ ਸਾਈਪ੍ਰਸ ਹਮਰੁਤਬਾ ਲੋਆਨਿਸ ਕਾਸੋਡਲਿਡੇਸ ਨਾਲ ਮੁਲਾਕਾਤ ਕਰਨਗੇ। ਉਹ ਸਾਈਪ੍ਰਸ ਦੇ ਪ੍ਰਤੀਨਿਧੀ ਸਭਾ ਦੀ ਸਪੀਕਰ ਅਨੀਤਾ ਡੇਮੇਟ੍ਰੀਉ ਨਾਲ ਵੀ ਮੁਲਾਕਾਤ ਕਰਨਗੇ। ਜੈਸ਼ੰਕਰ ਸਾਈਪ੍ਰਸ 'ਚ ਵਪਾਰਕ ਅਤੇ ਨਿਵੇਸ਼ ਭਾਈਚਾਰੇ ਨੂੰ ਸੰਬੋਧਨ ਕਰਨ ਵਾਲੇ ਹਨ। ਇਸ ਤੋਂ ਇਲਾਵਾ ਵਿਦੇਸ਼ ਮੰਤਰੀ ਉੱਥੇ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਵੀ ਸੰਬੋਧਨ ਕਰਨਗੇ।
ਮੰਤਰਾਲਾ ਦੇ ਇਕ ਬਿਆਨ ਅਨੁਸਾਰ, ਆਸਟ੍ਰੀਆ 'ਚ ਵਿਦੇਸ਼ ਮੰਤਰੀ ਜੈਸ਼ੰਕਰ ਯੂਰਪੀਅਨ ਅਤੇ ਅੰਤਰਰਾਸ਼ਟਰੀ ਮਾਮਲਿਆਂ ਦੇ ਮੰਤਰੀ ਅਲੈਗਜ਼ੈਂਡਰ ਸ਼ੈਲੇਨਬਰਗ ਨਾਲ ਮੁਲਾਕਾਤ ਕਰਨਗੇ। ਪਿਛਲੇ 27 ਸਾਲਾਂ 'ਚ ਭਾਰਤ ਤੋਂ ਆਸਟ੍ਰੀਆ ਦੀ ਇਹ ਪਹਿਲੀ ਵਿਦੇਸ਼ ਮੰਤਰੀ ਪੱਧਰੀ ਯਾਤਰਾ ਹੈ। ਜੈਸ਼ੰਕਰ ਦੀ ਆਸਟ੍ਰੀਆ ਦੀ ਯਾਤਰਾ ਸਾਲ 2023 'ਚ ਦੋਹਾਂ ਦੇਸ਼ਾਂ ਵਿਚਾਲੇ ਕੂਟਨੀਤਕ ਸਬੰਧਾਂ ਦੀ 75ਵੀਂ ਵਰ੍ਹੇਗੰਢ ਦੇ ਪਿਛੋਕੜ 'ਚ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਸ਼ੈਲਨਬਰਗ ਮਾਰਚ 2022 'ਚ ਭਾਰਤ ਦਾ ਦੌਰਾ ਕੀਤਾ ਸੀ। ਸ਼ੈਲਨਬਰਗ ਅਤੇ ਜੈਸ਼ੰਕਰ ਇਸ ਸਾਲ ਅੰਤਰਰਾਸ਼ਟਰੀ ਕਾਨਫਰੰਸਾਂ ਦੇ ਦੌਰਾਨ ਤਿੰਨ ਵਾਰ ਮਿਲ ਚੁੱਕੇ ਹਨ। ਆਪਣੇ ਦੌਰੇ ਦੌਰਾਨ ਵਿਦੇਸ਼ ਮੰਤਰੀ ਜੈਸ਼ੰਕਰ ਆਸਟ੍ਰੀਆ ਦੇ ਚਾਂਸਲਰ ਕਾਰਲ ਨੇਹਾਮਰ ਨਾਲ ਮੁਲਾਕਾਤ ਕਰਨਗੇ। ਉਹ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਵੀ ਗੱਲਬਾਤ ਕਰਨਗੇ। ਉਹ ਵਿਆਨਾ ਸਥਿਤ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਦੇ ਡਾਇਰੈਕਟਰ ਜਨਰਲ ਮਾਰੀਆਨੋ ਗ੍ਰੋਸੀ ਨਾਲ ਵੀ ਮੁਲਾਕਾਤ ਕਰਨਗੇ।