ਵਿਦੇਸ਼ ਮੰਤਰੀ ਜੈਸ਼ੰਕਰ ਵੀਰਵਾਰ ਤੋਂ ਉਜ਼ਬੇਕਿਸਤਾਨ ਦੀ 2 ਦਿਨਾਂ ਯਾਤਰਾ ਕਰਨਗੇ
Wednesday, Jul 27, 2022 - 03:35 PM (IST)
ਨਵੀਂ ਦਿੱਲੀ (ਭਾਸ਼ਾ)- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਵੀਰਵਾਰ ਤੋਂ ਉਜ਼ਬੇਕਿਸਤਾਨ ਦੀ ਰਾਜਧਾਨੀ ਤਾਸ਼ਕੰਦ ਦੀ 2 ਦਿਨਾਂ ਯਾਤਰਾ ਕਰਨਗੇ। ਇਸ ਦੌਰਾਨ ਉਹ ਸ਼ੰਘਾਈ ਸਹਿਯੋਗ ਸੰਗਠਨ (ਐੱਸ.ਸੀ.ਓ.) ਦੇ ਵਿਦੇਸ਼ ਮੰਤਰੀਆਂ ਦੇ ਸੰਮੇਲਨ ਵਿਚ ਹਿੱਸਾ ਲੈਣਗੇ। ਐੱਸ.ਸੀ.ਓ. ਦੀ ਬੈਠਕ 'ਚ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ, ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਅਤੇ ਉਨ੍ਹਾਂ ਦੇ ਪਾਕਿਸਤਾਨੀ ਹਮਰੁਤਬਾ ਬਿਲਾਵਲ ਭੁੱਟੋ ਦੇ ਵੀ ਐੱਸ.ਸੀ.ਓ. ਮੀਟਿੰਗ 'ਚ ਸ਼ਾਮਲ ਹੋਣ ਦੀ ਉਮੀਦ ਹੈ। ਮੰਨਿਆ ਜਾ ਰਿਹਾ ਹੈ ਕਿ ਜੈਸ਼ੰਕਰ ਵੱਲੋਂ ਐੱਸ.ਸੀ.ਓ. ਦੇ ਮੈਂਬਰ ਦੇਸ਼ਾਂ ਦੇ ਆਪਣੇ ਕੁਝ ਹਮਰੁਤਬਿਆਂ (ਜਿਨ੍ਹਾਂ ਵਿਚ ਵੈਂਗ ਅਤੇ ਲਾਵਰੋਵ ਸ਼ਾਮਲ ਹਨ) ਨਾਲ ਦੋ-ਪੱਖੀ ਬੈਠਕ ਵੀ ਕਰ ਸਕਦੇ ਹਨ।
ਜੈਸ਼ੰਕਰ ਦੀ ਯਾਤਰਾ ਦੀ ਜਾਣਕਾਰੀ ਦਿੰਦੇ ਹੋਏ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਐੱਸ.ਸੀ.ਓ. ਦੇ ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ 'ਚ ਸਤੰਬਰ ਵਿਚ ਹੋਣ ਵਾਲੇ ਐੱਸ.ਸੀ.ਓ. ਸਿਖਰ ਸੰਮੇਲਨ ਨੂੰ ਲੈ ਕੇ ਗੱਲਬਾਤ ਕੀਤੀ ਜਾਵੇਗੀ। ਸਮਰਕੰਦ 'ਚ 15-16 ਸਤੰਬਰ ਦਰਮਿਆਨ ਐੱਸ.ਸੀ.ਓ. ਸਿਖਰ ਸੰਮੇਲਨ ਆਯੋਜਿਤ ਹੋਵੇਗਾ। ਇਸ ਸੰਮੇਲਨ 'ਚ ਹਿੱਸਾ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਜ਼ਬੇਕਿਸਤਾਨ ਜਾ ਸਕਦੇ ਹਨ। ਵਿਦੇਸ਼ ਮੰਤਰਾਲਾ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ,''ਵਿਦੇਸ਼ ਮੰਤਰੀ ਐੱਸ. ਜੈਸ਼ੰਕਰ 28-29 ਜੁਲਾਈ ਦਰਮਿਆਨ ਉਜ਼ਬੇਕਿਸਤਾਨ ਦੀ ਯਾਤਰਾ ਕਰਨਗੇ। ਉਹ ਉਜ਼ਬੇਕਿਸਤਾਨ ਗਣਰਾਜ ਦੇ ਕਾਰਜਕਾਰੀ ਵਿਦੇਸ਼ ਮੰਤਰੀ ਵਲਾਦੀਮੀਰ ਨੋਰੋਵ ਦੇ ਸੱਦੇ 'ਤੇ ਐੱਸ.ਸੀ.ਓ. ਵਿਦੇਸ਼ ਮੰਤਰੀਆਂ ਦੀ ਪ੍ਰੀਸ਼ਦ ਦੀ ਬੈਠਕ 'ਚ ਹਿੱਸਾ ਲੈਣ ਜਾਣਗੇ।'' ਬਿਆਨ 'ਚ ਕਿਹਾ ਗਿਆ,''ਇਸ ਬੈਠਕ 'ਚ, ਸਮਰਕੰਦ 'ਚ 15-16 ਸਤੰਬਰ ਦਰਮਿਆਨ ਰਾਸ਼ਟਰ ਮੁਖੀਆਂ ਦੀ ਕੌਂਸਲ ਦੇ ਸੰਮੇਲਨ ਲਈ ਤਿਆਰੀ 'ਤੇ ਚਰਚਾ ਕੀਤੀ ਜਾਵੇਗੀ।''