ਪੂਰਬੀ ਲੱਦਾਖ ਵਿਵਾਦ : ਭਾਰਤ ਦੀ ਚੀਨ ਨੂੰ ਦੋ-ਟੁੱਕ, ਸਾਰੇ ਪੈਂਡਿੰਗ ਮੁੱਦਿਆਂ ਦਾ ਛੇਤੀ ਹੋਵੇ ਹੱਲ
Friday, Jul 08, 2022 - 11:04 AM (IST)
ਨਵੀਂ ਦਿੱਲੀ/ਬਾਲੀ (ਭਾਸ਼ਾ)- ਭਾਰਤ ਨੇ ਚੀਨ ਨੂੰ ਪੂਰਬੀ ਲੱਦਾਖ ਸਰਹੱਦੀ ਖੇਤਰ ਵਿਚ ਅਸਲੀ ਕੰਟਰੋਲ ਰੇਖਾ (ਐੱਲ. ਏ. ਸੀ.) ਤੋਂ ਫੌਜਾਂ ਨੂੰ ਆਮਣੇ-ਸਾਹਮਣੇ ਤੋਂ ਹਟਾਉਣ ਨੂੰ ਲੈ ਕੇ ਪੈਂਡਿੰਗ ਮੁੱਦਿਆਂ ਨੂੰ ਤੁਰੰਤ ਸੁਲਝਾਉਣ ਦੀ ਅੱਜ ਬੇਨਤੀ ਕੀਤੀ ਅਤੇ ਕਿਹਾ ਕਿ ਭਾਰਤ-ਚੀਨ ਸੰਬੰਧਾਂ ਵਿਚ 3 ਤਰ੍ਹਾਂ ਦਾ ਆਪਸੀ ਸਤਿਕਾਰ, ਆਪਸੀ ਸੰਵੇਦਨਸ਼ੀਲਤਾ ਅਤੇ ਆਪਸੀ ਹਿੱਤਾਂ ਦਾ ਖਿਆਲ ਰੱਖਣਾ ਜ਼ਰੂਰੀ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਇੰਡੋਨੇਸ਼ੀਆ ਦੇ ਬਾਲੀ ਵਿਚ ਜੀ-20 ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਤੋਂ ਬਾਅਦ ਅੱਜ ਚੀਨ ਦੇ ਸਟੇਟ ਕਾਊਂਸਲਰ ਅਤੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਮੁਲਾਕਾਤ ਕੀਤੀ, ਜਿਸ ਵਿਚ ਡਾ. ਜੈਸ਼ੰਕਰ ਨੇ ਪੂਰਬੀ ਲੱਦਾਖ ਵਿਚ ਐੱਲ.ਏ.ਸੀ. ’ਤੇ ਪੈਂਡਿੰਗ ਮੁੱਦਿਆਂ ਦੇ ਤੁਰੰਤ ਹੱਲ ਦਾ ਸੱਦਾ ਦਿੱਤਾ।
ਉਨ੍ਹਾਂ ਕੁਝ ਇਲਾਕਿਆਂ ਵਿਚ ਫੌਜਾਂ ਨੂੰ ਆਮਣੇ-ਸਾਹਮਣੇ ਤੋਂ ਹਟਾਉਣ ਦੇ ਫੈਸਲੇ ਨੂੰ ਲਾਗੂ ਕਰਨ ਦਾ ਹਵਾਲਾ ਦਿੰਦੇ ਹੋਏ ਸਾਰੇ ਬਕਾਇਆ ਮੋਰਚਿਆਂ ਤੋਂ ਫੌਜਾਂ ਦੀ ਪੂਰਨ ਵਾਪਸੀ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਤਾਂ ਜੋ ਸਰਹੱਦੀ ਖੇਤਰਾਂ ਵਿਚ ਸ਼ਾਂਤੀ ਅਤੇ ਸਥਿਰਤਾ ਕਾਇਮ ਹੋ ਸਕੇ। ਡਾ. ਜੈਸ਼ੰਕਰ ਨੇ ਦੋ-ਪੱਖੀ ਸਮਝੌਤਿਆਂ ਅਤੇ ਪ੍ਰੋਟੋਕਾਲਾਂ ਤੇ ਦੋਵਾਂ ਮੰਤਰੀਆਂ ਦਰਮਿਆਨ ਪਿਛਲੀ ਵਾਰਤਾਵਾਂ ਵਿਚ ਬਣੀ ਸਹਿਮਤੀ ਦੀ ਪੂਰਨ ਪਾਲਣਾ ਦੀ ਅਹਿਮੀਅਤ ’ਤੇ ਜ਼ੋਰ ਦਿੱਤਾ। ਇਸ ਸੰਬੰਧੀ ਦੋਵਾਂ ਮੰਤਰੀਆਂ ਨੇ ਕਿਹਾ ਕਿ ਦੋਵਾਂ ਪੱਖਾਂ ਦੇ ਫੌਜੀ ਅਤੇ ਕੂਟਨੀਤਕ ਅਧਿਕਾਰੀਆਂ ਨੂੰ ਨਿਯਮਿਤ ਸੰਪਰਕ ਵਿਚ ਰਹਿਣਾ ਚਾਹੀਦਾ ਹੈ। ਉਨ੍ਹਾਂ ਅਗਲੇ ਦੌਰ ਦੀ ਸੀਨੀਅਰ ਕਮਾਂਡਰ ਪੱਧਰ ਦੀ ਬੈਠਕ ਕਿਸੇ ਨਜ਼ਦੀਕੀ ਤਰੀਕ ਨੂੰ ਬੁਲਾਉਣ ਦੀ ਆਸ ਪ੍ਰਗਟ ਕੀਤੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ