ਜੈਰਾਮ ਠਾਕੁਰ ਨੇ ਅਗਨੀਪਥ ਯੋਜਨਾ ''ਚ ਉਮਰ ਹੱਦ 23 ਸਾਲ ਕਰਨ ਦੇ ਫ਼ੈਸਲੇ ਦਾ ਕੀਤਾ ਸੁਆਗਤ
Friday, Jun 17, 2022 - 05:57 PM (IST)
ਸ਼ਿਮਲਾ (ਵਾਰਤਾ)- ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਫ਼ੌਜ 'ਚ ਸੰਵਿਦਾ ਭਰਤੀ ਦੀ ਅਗਨੀਪਥ ਯੋਜਨਾ 'ਚ ਉਮਰ ਹੱਦ 21 ਸਾਲ ਤੋਂ ਵਧਾ ਕੇ 23 ਸਾਲ ਕਰਨ ਦੇ ਕੇਂਦਰ ਸਰਕਾਰ ਦੇ ਫ਼ੈਸਲੇ ਦਾ ਸੁਆਗਤ ਕੀਤਾ ਹੈ। ਜੈਰਾਮ ਠਾਕੁਰ ਨੇ ਸ਼ੁੱਕਰਵਾਰ ਨੂੰ ਟਵੀਟ ਕਰ ਕੇ ਕਿਹਾ,''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੁਣ 'ਅਗਨੀਪਥ ਯੋਜਨਾ' ਦੇ ਤਹਿਤ ਨੌਜਵਾਨਾਂ ਨੂੰ ਰਾਹਤ ਦੇਣ ਲਈ ਉਮਰ ਹੱਦ 'ਚ ਛੋਟ ਦੇ ਕੇ ਉਸ ਨੂੰ 21 ਤੋਂ 23 ਸਾਲ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਫ਼ੈਸਲੇ ਦਾ ਨੌਜਵਾਨਾਂ ਨੂੰ ਫਾਇਦਾ ਹੋਵੇਗਾ ਅਤੇ ਅਗਨੀਪੱਥ ਸਕੀਮ ਰਾਹੀਂ ਉਹ ਦੇਸ਼ ਦੀ ਸੇਵਾ ਅਤੇ ਆਪਣੇ ਉੱਜਵਲ ਭਵਿੱਖ ਦੀ ਦਿਸ਼ਾ 'ਚ ਵੀ ਅੱਗੇ ਵਧਣਗੇ।
ਕੇਂਦਰ ਨੇ ਬੀਤੀ ਦੇਰ ਰਾਤ ਅਗਨੀਪਥ ਯੋਜਨਾ 'ਚ ਉਮਰ ਹੱਦ 'ਚ ਇਸ ਸਾਲ ਲਈ 2 ਸਾਲ ਦੀ ਛੋਟ ਦੇਣ ਦਾ ਐਲਾਨ ਕੀਤਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ 2 ਸਾਲਾਂ ਤੋਂ ਫ਼ੌਜ 'ਚ ਭਰਤੀ ਪ੍ਰਕਿਰਿਆ ਪ੍ਰਭਾਵਿਤ ਸੀ, ਜਿਸ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨੇ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਅਤੇ ਹਿਮਾਚਲ ਪ੍ਰਦੇਸ਼ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਸਰਕਾਰ ਦਾ ਉਹ ਧੰਨਵਾਦ ਕਰਦੇ ਹਨ। ਦੱਸਣਯੋਗ ਹੈ ਕਿ ਬੀਤੇ ਦਿਨੀਂ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਵੀ ਇਸ ਸਕੀਮ ਦੇ ਵਿਰੋਧ 'ਚ ਬੇਰੁਜ਼ਗਾਰ ਅਤੇ ਫੌਜ 'ਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਦਾ ਗੁੱਸਾ ਭੜਕ ਗਿਆ ਸੀ ਅਤੇ ਕਾਂਗੜਾ, ਹਮੀਰਪੁਰ, ਮੰਡੀ ਅਤੇ ਸਿਰਮੌਰ 'ਚ ਪ੍ਰਦਰਸ਼ਨ ਕੀਤੇ ਗਏ ਸਨ। ਕਾਂਗੜਾ ਵਿਚ ਵੀ ਪੁਲਸ ਵਾਲਿਆਂ ਦੀ ਕੁੱਟਮਾਰ ਦੀਆਂ ਖ਼ਬਰਾਂ ਹਨ। ਪੁਲਸ ਨੇ 280 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿਚ ਲਿਆ ਅਤੇ ਫਿਰ ਚਿਤਾਵਨੀ ਦੇ ਕੇ ਛੱਡ ਦਿੱਤਾ।