ਜੈਪੁਰ ''ਚ ਇਕ ਹੀ ਮਕਾਨ ''ਚੋਂ 26 ਕੋਰੋਨਾ ਪਾਜ਼ੀਟਿਵ ਮਰੀਜ਼ ਮਿਲਣ ਨਾਲ ਫੈਲੀ ਸਨਸਨੀ
Tuesday, Jun 09, 2020 - 04:38 PM (IST)
ਜੈਪੁਰ- ਰਾਜਸਥਾਨ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਮੰਗਲਵਾਰ ਨੂੰ ਜੈਪੁਰ 'ਚ ਸੁਭਾਸ਼ ਚੌਕ ਇਲਾਕੇ 'ਚ ਇਕ ਹੀ ਮਕਾਨ 'ਚੋਂ 26 ਕੋਰੋਨਾ ਪਾਜ਼ੀਟਿਵ ਮਰੀਜ਼ ਮਿਲਣ ਨਾਲ ਸਨਸਨੀ ਫੈਲ ਗਈ। ਸੁਭਾਸ਼ ਚੌਕ ਇਲਾਕੇ ਦੇ ਚਾਨਕੀਆ ਮਾਰਗ 'ਤੇ ਸਥਿਤ ਇਕ ਹੀ ਮਕਾਨ 'ਚ ਪਾਜ਼ੀਟਿਵ ਪਾਏ ਗਏ ਸਾਰੇ ਲੋਕ ਕਿਰਾਏਦਾਰ ਦੱਸੇ ਜਾ ਰਹੇ ਹਨ। ਇਸ 'ਤੇ ਸੀ.ਐੱਮ.ਐੱਚ.ਓ. ਡਾ. ਨਰੋਤਮ ਸ਼ਰਮਾ ਟੀਮ ਨਾਲ ਮੌਕੇ 'ਤੇ ਪਹੁੰਚੇ। ਇਨ੍ਹਾਂ ਸਾਰਿਆਂ ਨੂੰ ਸਵਾਈ ਮਾਨਸਿੰਘ ਹਸਪਤਾਲ 'ਚ ਸ਼ਿਫਟ ਕੀਤਾ ਗਿਆ ਹੈ। ਉੱਥੇ ਹੀ ਪ੍ਰਦੇਸ਼ ਭਰ 'ਚ ਅੱਜ ਯਾਨੀ ਮੰਗਲਵਾਰ ਸਵੇਰੇ 9 ਵਜੇ ਤੱਕ ਬੀਤੇ 12 ਘੰਟਿਆਂ 'ਚ 144 ਹੋਰ ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ।
ਮੈਡੀਕਲ ਅਤੇ ਸਿਹਤ ਮਹਿਕਮਾ ਵਲੋਂ ਜਾਰੀ ਸੂਚਨਾ ਅਨੁਸਾਰ ਮੰਗਲਵਾਰ ਨੂੰ ਪਾਏ ਗਏ 144 ਨਵੇਂ ਮਾਮਲਿਆਂ 'ਚ ਸਭ ਤੋਂ ਵਧ ਜੈਪੁਰ ਦੇ ਹਨ। 144 ਮਰੀਜ਼ਾਂ 'ਚੋਂ 61 ਪਾਜ਼ੀਟਿਵ ਇਕੱਲੇ ਜੈਪੁਰ ਤੋਂ ਹਨ। ਇਨ੍ਹਾਂ 'ਚੋਂ ਵੀ 26 ਪਾਜ਼ੀਟਿਵ ਇਕ ਹੀ ਮਕਾਨ 'ਚ ਮਿਲੇ ਹਨ। ਜੈਪੁਰ ਤੋਂ ਇਲਾਵਾ ਭਰਤਪੁਰ 'ਚ 30, ਅਲਵਰ 'ਚ 11, ਜੋਧਪੁਰ 'ਚ 8, ਚੁਰੂ 'ਚ 7, ਕੋਟਾ 'ਚ 6 ਅਤੇ ਸੀਕਰ 'ਚ 5 ਨਵੇਂ ਮਾਮਲੇ ਸ਼ਾਮਲ ਹਨ।