ਜਗਬਾਣੀ ਸੈਰ ਸਪਾਟਾ ਸਪੈਸ਼ਲ-4 : ਦੁਨੀਆਂ ਦੇ ਸਭ ਤੋਂ ਉੱਚੇ ਪਿੰਡ ਕਿੱਬਰ ਵਿਚ ਘੁੰਮਦਿਆਂ
Sunday, Apr 26, 2020 - 05:05 PM (IST)
ਮਨਜੀਤ ਸਿੰਘ ਰਾਜਪੁਰਾ
ਮੇਰੇ ਨਾਲ ਦੇ ਦੋ ਜਣਿਆਂ ਜਸਬੀਰ ਤੇ ਰਜਿੰਦਰ ਦੇ ਸੈਰ-ਸਪਾਟੇ ਵਾਲੇ ਮਾਊਂ ਲੜਨ ਲੱਗ ਪਏ। ਉਨ੍ਹਾਂ ਕੋਲ ਕਾਰ, ਪੈਸੇ ਸਭ ਕੁੱਝ ਸੀ ਪਰ ਉਨ੍ਹਾਂ ਨੂੰ ਇਹ ਪਤਾ ਨਹੀਂ ਸੀ ਕਿ ਜਾਈਏ ਕਿੱਥੇ ? ਜਿਵੇਂ ਕੋਈ ਸ਼ੇਰ ਦੇ ਸ਼ਿਕਾਰ ਦਾ ਸਾਮਾਨ ਲਈ ਫਿਰਦਾ ਹੋਵੇ ਪਰ ਉਸਨੂੰ ਇਹ ਵੀ ਪਤਾ ਨਾ ਹੋਵੇ ਕਿ ਗਿੱਦੜ ਕਿਹੜੀ ਖੱਡ ਵਿਚ ਰਹਿੰਦਾ। ਉਨ੍ਹਾਂ ਨੂੰ ਪਤਾ ਸੀ ਕਿ ਮਾਊਂ ਮਾਰਨ ਦੀ ਸਸਤੀ ਤੇ ਵਧੀਆ ਦਵਾਈ ਮੇਰੇ ਕੋਲ ਐ। ਉਨ੍ਹਾਂ ਨੇ ਮੈਨੂੰ ਕਿਹਾ ਤਾਂ ਮੇਰੇ ਦਿਮਾਗ ਵਿਚ ਲੰਮੇ ਸਮੇਂ ਤੋਂ ਹਲ ਦੇ ਫਾਲੇ 'ਚ ਕਿੱਕਰ ਦੀ ਜੜ੍ਹ ਵਾਂਗ ਫਸਿਆ ਦੁਨੀਆ ਦਾ ਸਭ ਤੋਂ ਉੱਚਾ ਪਿੰਡ ਕਿੱਬਰ ਘੁੰਮ ਗਿਆ। ਇਹ ਸੜਕੀ ਰਸਤੇ ਨਾਲ ਜੁੜਿਆ ਦੁਨੀਆਂ ਦਾ ਸਭ ਤੋਂ ਉੱਚਾ ਪਿੰਡ ਹੈ। ਪੈਸੇ ਉਨ੍ਹਾਂ ਦੇ, ਕਾਰ ਉਨ੍ਹਾਂ ਦੀ ਆਪਾਂ ਤਾਂ ਬੱਸ ਵਿਚ ਬੈਠ ਕੇ ਚੰਗਿਆੜੇ ਹੀ ਕੱਢਣੇ ਸੀ। ਲਉ ਜੀ ਤਿੰਨ ਜਣਿਆਂ ਨੇ ਚਾਲੇ ਪਾ ਦਿੱਤੇ। ਉਹ ਦੋਵੇਂ ਕਾਰ ਵਿਚ ਇਸ ਤਰ੍ਹਾਂ ਬੈਠੇ ਸਨ ਜਿਵੇਂ ਹਰਿਦੁਆਰ ਫੁੱਲ ਪਾਉਣ ਜਾ ਰਹੇ ਹੋਣ। ਸ਼ਾਇਦ ਮਨ ਹੀ ਮਨ ਵਿਚ ਸਫਰ ਦਾ ਖਰਚਾ ਗਿਣ ਰਹੇ ਹੋਣ। ਪਰ ਆਪਣੇ ਕੋਲ ਗਿਣਨ ਲਈ ਕੁੱਝ ਨਹੀਂ ਸੀ। ਇਸ ਕਰਕੇ ਮਨ ਪੂਰਾ ਟਹਿਕਿਆ ਹੋਇਆ ਸੀ।
ਸ਼ਿਮਲੇ ਨੂੰ ਹੁੰਦੇ ਹੋਏ ਫਾਗੂ ਜਾ ਪੁੱਜੇ। ਉੱਥੇ ਇਕ ਬਹੁਤ ਕਮਾਲ ਦਾ ਬੰਦਾ ਟੱਕਰਿਆ। ਉਹ 1993 ਵਿਚ ਮਾਊਂਟ ਐਵਰੈਸਟ 'ਤੇ ਚੜ੍ਹਿਆ ਸੀ। ਉਸ ਨੇ ਸਾਨੂੰ ਆਪਣੇ 150 ਸਾਲ ਪੁਰਾਣੇ ਮਕਾਨ ਵਿਚ ਜਗ੍ਹਾਂ ਦਿੱਤੀ, ਨਾਲੇ ਮਾਊਂਟ ਐਵਰੈਸਟ ਦੇ ਕਿੱਸੇ ਸੁਣਾਏ। ਅਗਲੇ ਦਿਨ ਰਾਮਪੁਰ ਨੂੰ ਹੁੰਦੇ ਹੋਏ ਸਪੋਲੀ ਵਿਚ ਅਮੀਰ ਲਾਮਾ ਦੀ ਬੈਠਕ ਵਿਚ ਜਾ ਟਿਕੇ। ਉਥੋਂ ਚੱਲੇ ਤਾਂ ਤਾਬੋ ਨੂੰ ਹੁੰਦੇ ਹੋਏ ਨਾਕੋ ਜਾ ਪੁੱਜੇ। ਇੱਥੋਂ ਮੌਤ ਦੀ ਘਾਟੀ ਦਾ ਸਫਰ ਸ਼ੁਰੂ ਹੁੰਦਾ ਹੈ। ਸੜਕ ਇੰਨ੍ਹੀ ਖਤਰਨਾਕ ਸੀ ਕਿ ਕਾਰ ਦਾ ਪਹੀਆ ਸੜਕ ਦੇ ਕਿਨਾਰੇ ਹਜ਼ਾਰਾਂ ਫੁੱਟ ਡੂੰਘੀ ਖੱਡ 'ਤੇ ਚਲ ਰਿਹਾ ਸੀ। ਮੈਂ ਜਨਮ ਤੋਂ ਹੀ 'ਦਲੇਰ' ਬਹੁਤ ਹਾਂ। ਰਸਤੇ ਨੂੰ ਵੇਖ ਕੇ ਮੇਰਾ ਮੂਤ ਨਿਕਲਣ ਵਾਲਾ ਹੋ ਗਿਆ। ਉਂਝ ਵੀ ਮੈਨੂੰ ਹਰ ਦਸ ਮਿੰਟ ਬਾਅਦ ਮੂਤ ਆਉਂਦਾ ਹੈ ਪਰ ਉਥੇ ਤਾਂ ਪੰਜ-ਪੰਜ ਮਿੰਟ ਬਾਅਦ ਆਉਣ ਲੱਗ ਪਿਆ। ਬਹੁਤੇ ਮੇਰੇ ਦੋਸਤ ਤਾਂ ਮੈਨੂੰ ਇਸੇ ਕਰਕੇ ਸਫਰ 'ਤੇ ਨਹੀਂ ਲਿਜਾਂਦੇ। ਉਹ ਕਹਿੰਦੇ ਨੇ ,'' ਜੇ ਸਾਰੇ ਦਿਨ ਵਿਚ 100 ਮੀਲ ਜਾਇਆ ਜਾ ਸਕਦਾ ਹੋਵੇ ਤਾਂ 50 ਮੀਲ ਹੀ ਜਾ ਸਕਾਂਗੇ ਇਹਦੇ ਨਾਲ ਤਾਂ, ਸਾਲੇ ਨੂੰ ਨਿਆਣੇ ਵਾਂਗ ਮਿੰਟ-ਮਿੰਟ ਬਾਅਦ ਤਾਂ ਮੂਤ ਕਰਾਉਣਾ ਪੈਂਦਾ।''
ਕਾਰ ਚਲਾ ਰਿਹਾ ਬਾਬੂ ਕਹਿਣ ਲੱਗਾ ,'' ਓਏ ਅੱਜ ਨੀ ਬਚਦੇ ਇਕ ਤਾਂ ਰਸਤਾ ਇਹੋ ਜਿਹਾ ਉਪਰੋਂ ਤੂੰ ਜਿਹੜਾ ਮਿੰਟ-ਮਿੰਟ ਬਾਅਦ ਮੂਤੀ ਜਾਨੈਂ, ਇਹ ਆਪਣੀ ਜਾਨ ਲੈ ਕੇ ਛੱਡੇਗਾ।'' ਅਸਲ ਵਿਚ ਕਾਰ ਚੜ੍ਹਾਈ ਚੜ੍ਹ ਰਹੀ ਸੀ ਤੇ ਉਸ ਨੂੰ ਵਾਰ-ਵਾਰ ਰੋਕਣ ਨਾਲ, ਜਦੋਂ ਦੁਬਾਰਾ ਗੇਅਰ ਪਾ ਕੇ ਛੱਡਿਆ ਜਾਂਦਾ ਸੀ ਤਾਂ ਕਾਰ ਪਹਿਲਾਂ ਪਿੱਛੇ ਨੂੰ ਝੂਟਾ ਮਾਰਦੀ ਸੀ, ਜਿਸ ਕਰਕੇ ਕਾਰ ਦੇ ਖੱਡ ਵਿਚ ਡਿੱਗਣ ਦਾ ਖਤਰਾ ਬਣਿਆ ਹੋਇਆ ਸੀ। ਹਰ ਵਾਰੀ ਕਾਰ ਦੇ ਪਹੀਆਂ ਪਿੱਛੇ ਪੱਥਰ ਲਾਉਣੇ ਪੈਂਦੇ ਸੀ।
ਪੜ੍ਹੋ ਇਹ ਵੀ ਖਬਰ - ਜਗਬਾਣੀ ਸੈਰ ਸਪਾਟਾ ਵਿਸ਼ੇਸ਼ 3 : ਜੈਸਲਮੇਰ ਸ਼ਹਿਰ ਅਤੇ ਇਸਦਾ ਆਲਾ-ਦੁਆਲਾ
ਰਸਤੇ ਵਿਚ ਦੋ ਜ਼ਨਾਨੀਆਂ ਨੇ ਕਾਰ ਨੂੰ ਹੱਥ ਦਿੱਤਾ ਤੇ ਕਾਰ ਰੋਕਣ ਲਈ ਵੀ ਕਿਹਾ। ਚੜ੍ਹਾਈ ਕਾਰਨ ਕਾਰ ਇੰਨ੍ਹੀ ਹੌਲੀ ਰਫਤਾਰ 'ਤੇ ਚਲ ਰਹੀ ਸੀ ਕਿ ਸੜਕ 'ਤੇ ਖੜਾ ਬੰਦਾ ਵੀ ਸਾਡੇ ਨਾਲ ਅਰਾਮ ਨਾਲ ਗੱਲ ਕਰ ਸਕਦਾ ਸੀ। ਮੈਂ ਉਨ੍ਹਾਂ ਨੂੰ ਹੱਥ ਬੰਨ੍ਹੇ ਕਿ ਸਾਡਾ ਤਾਂ ਭੋਗ ਦਾ ਕਾਰਡ ਛਪਿਆ ਪਿਆ ਤੁਸੀਂ ਕਾਹਤੋਂ ਗਲ ਪੈਣ ਨੂੰ ਫਿਰਦੀਆਂ ਹੋ। ਬਾਅਦ ਵਿਚ ਪਿਆ ਧਰਮਰਾਜ ਵੀ ਹੈਰਾਨ ਹੋਵੇ ਕਿ ਪਹਾੜਨਾਂ ਸਰਦਾਰਾਂ ਨਾਲ ਕਿਵੇਂ ਗੱਡੀ ਚੜ੍ਹ ਆਈਆਂ। ਇਕ ਤਰ੍ਹਾਂ ਨਾਲ ਘੀਸੀਆਂ ਕਰ ਕਰਕੇ ਸਫਰ ਕੱਟਿਆ ਤੇ ਆਖਰ ਕਾਜਾ ਜਾ ਪੁੱਜੇ। ਕਾਜੇ ਨੂੰ ਬਰਫੀਲਾ ਮਾਰੂਥਲ ਵੀ ਕਿਹਾ ਜਾਂਦਾ। ਕਿਸੇ ਵੀ ਪਹਾੜ 'ਤੇ ਰੁੱਖ, ਹਰਿਆਈ ਦਾ ਨਾਂ ਨਿਸ਼ਾਨ ਨਹੀਂ ਸੀ। ਪਰ ਪਹਾੜਾਂ 'ਤੇ ਜਿਹੜੀ ਕਲਾਕਾਰੀ ਕੁਦਰਤ ਨੇ ਕੀਤੀ ਹੋਈ ਸੀ, ਉਹ ਤਾਂ ਬਲਿਹਾਰੇ ਕੁਦਰਤ ਵਸਿਆ ਵਾਲੀ ਗੱਲ ਸੀ। ਪਰ ਮੇਰੇ ਨਾਲ ਦੇ ਆਪਣੇ ਦਿਮਾਗ ਵਿਚ ਸਫਰ ਦਾ ਹੋਰ ਹੀ ਨਕਸ਼ਾ ਬਣਾ ਕੇ ਗਏ ਸੀ। ਉਨ੍ਹਾਂ ਦੇ ਮੂੰਹ ਵੇਖਣ ਵਾਲੇ ਸੀ ਜਿਵੇਂ ਕੋਈ ਸਾਹੀਵਾਲ ਨਸਲ ਦੀ ਗਾਂ ਖਰੀਦਣ ਮੰਡੀ ਗਿਆ ਹੋਵੇ ਤੇ ਉਸ ਨੂੰ ਕਿਸੇ ਨੇ ਧੋਖੇ ਨਾਲ ਫੰਡਰ ਮੱਝ ਵੇਚ ਦਿੱਤੀ ਹੋਵੇ। ਉਹ ਸੋਚਦੇ ਸੀ ਕਿ ਉਥੇ ਬਰਫ ਦੇ ਲੱਦੇ ਪਹਾੜ ਹੋਣਗੇ। ਹਰ ਪਾਸੇ ਹਰਿਆਵਲ ਹੋਵੇਗੀ। ਪਰ ਉਥੇ ਸੌ-ਸੌ ਮੀਲ 'ਚ ਬੰਦਾ ਨਾ ਬੰਦੇ ਦੀ ਜਾਤ।
ਕਿੱਬਰ ਪੁੱਜਣ ਤੋਂ ਪਹਿਲਾਂ ਅਸੀਂ ਕਾਜੇ ਦੇ ਤਾਜ ਮਹਿਲ ਇਸ ਦੇ ਸਭ ਤੋਂ ਵੱਡੇ ਮੱਠ ਚ ਜਾ ਵੜੇ। ਇਸ ਦੀ ਸ਼ਾਨ ਵੇਖਣ ਵਾਲੇ ਦੀ ਤਸੱਲੀ ਕਰਵਾ ਦਿੰਦੀ ਹੈ। ਇਸ ਬਾਰੇ ਕਿਹਾ ਜਾਂਦਾ ਕਿ ਇਸ ਨੂੰ 13ਵੀਂ ਸਦੀ ਵਿਚ ਬਣਾਇਆ ਗਿਆ ਸੀ। ਪੰਜਵੇਂ ਦਲਾਈ ਲਾਮੇ ਦੇ ਸਮੇਂ ਮੰਗੋਲਾਂ ਨੇ ਇਸ 'ਤੇ ਹਮਲਾ ਕੀਤਾ। ਲੱਦਾਖ ਤੇ ਕੁੱਲੂ ਦੇ ਰਾਜਿਆਂ ਦੀ 1841 ਵਿਚਕਾਰ ਹੋਈ ਲੜਾਈ 'ਚ ਇਸ ਨੂੰ ਕਾਫੀ ਨੁਕਸਾਨ ਹੋਇਆ। ਸਿੱਖ ਫੌਜ ਨੇ ਵੀ ਇਸ 'ਤੇ ਹਮਲਾ ਕੀਤਾ ਸੀ।
ਪੜ੍ਹੋ ਇਹ ਵੀ ਖਬਰ - ਜਗਬਾਣੀ ਸੈਰ ਸਪਾਟਾ ਵਿਸ਼ੇਸ਼-1 : ਹਿਟਲਰ ਦੇ ਦੇਸ਼ ਵਿਚ ਘੁੰਮਦਿਆਂ
ਅੱਜ ਕੱਲ੍ਹ ਇਸ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਬੋਧੀ ਲਾਮੇ ਰਹਿੰਦੇ ਹਨ। ਇਸ ਵਿਚ ਰਹਿਣ ਲਈ 200 ਰੁਪਏ ਚ ਕਮਰਾ ਮਿਲ ਜਾਂਦਾ, ਜਿਸ ਵਿਚ ਖਾਣਾ ਪੀਣਾ ਵੀ ਸ਼ਾਮਲ ਹੁੰਦਾ। ਬਹੁਤ ਸਾਰੇ ਗੋਰੇ ਇੱਥੇ ਹੀ ਕਮਰਾ ਲੈ ਕੇ ਰਹਿ ਰਹੇ ਸਨ। ਇਸ ਮੱਠ ਦੇ ਦਰਸ਼ਨ ਕਰੇ ਬਿਨਾਂ ਕਾਜੇ ਦੀ ਸੈਰ ਪੁਰੀ ਨਹੀਂ ਹੁੰਦੀ।
ਰਾਤ ਕਾਜੇ ਕੱਟ ਕੇ ਅਸੀਂ ਅਗਲੇ ਦਿਨ ਦੁਨੀਆਂ ਦੇ ਸਭ ਤੋਂ ਉੱਚੇ ਪਿੰਡ ਕਿੱਬਰ ਦੇ ਵਿਹੜੇ ਵਿਚ ਜਾ ਉਤਰੇ। ਇਹ ਪਿੰਡ 4205 ਮੀਟਰ ਦੀ ਉਚਾਈ 'ਤੇ ਹੈ। ਇਸ ਪਿੰਡ ਵਿਚ ਦੁਨੀਆ ਦਾ ਸਭ ਤੋਂ ਉੱਚਾ ਪੋਲਿੰਗ ਸਟੇਸ਼ਨ, ਸਭ ਤੋਂ ਉੱਚਾ ਸਕੂਲ ਤੇ ਸਭ ਤੋਂ ਉੱਚਾ ਡਾਕਖਾਨਾ । ਇੱਥੇ ਮੋਬਾਈਲ ਤੇ ਹੋਰ ਕਿਸੇ ਵੀ ਤਰ੍ਹਾਂ ਦੇ ਫੋਨ ਦਾ ਕੋਈ ਸਿਆਪਾ ਨਹੀਂ। ਇਸ ਕਰਕੇ ਚਿੰਤਾ ਵੀ ਕਿਸੇ ਨੂੰ ਕੋਈ ਨਹੀਂ ਲਗਦੀ। ਬਹੁਤੇ ਬੰਦੇ ਕਾਜਾ ਜਾਂ ਹਰ ਥਾਵਾਂ 'ਤੇ ਕੰਮ ਕਰਦੇ ਹਨ। ਖੇਤੀ ਦਾ ਬਹੁਤਾ ਕੰਮ ਜ਼ਨਾਨੀਆਂ ਕਰਦੀਆਂ ਹਨ, ਜਿਸ ਕਰਕੇ ਖੇਤਾਂ ਵਿਚ ਜੀਅ ਬਹੁਤ ਲਗਦਾ। ਜ਼ਨਾਨੀਆਂ ਬਾਹਰ ਤੋਂ ਆਇਆਂ ਨਾਲ ਗੱਲੀਂ ਲੱਗ ਜਾਂਦੀਆਂ ਹਨ ਤੇ ਚੰਗੇ ਚੰਗਿਆੜੇ ਕੱਢਦੀਆਂ ਹਨ, ਜਿਸ ਕਰਕੇ ਬੰਦੇ ਨੂੰ ਸਫਰ ਦੀ ਸਾਰੀ ਥਕਾਵਟ ਛੇਤੀ ਹੀ ਭੁੱਲ ਜਾਂਦੀ।
ਇੱਥੇ ਬਹੁਤੀ ਖੇਤੀ ਕੁਦਰਤੀ ਮਟਰਾਂ ਦੀ ਹੁੰਦੀ, ਜਿਹੜੇ ਕਿ ਦਿੱਲੀ ਵਿਚ 65 ਰੁਪਏ ਕਿੱਲੋ ਵਿਕਦੇ ਹਨ। ਇਨ੍ਹਾਂ 'ਚ ਕੋਈ ਖਾਦ ਨਹੀਂ ਪਾਈ ਜਾਂਦੀ ਤੇ ਨਾ ਹੀ ਕਿਸੇ ਦਵਾਈ ਦਾ ਛਿੜਕਾਅ ਕੀਤਾ ਜਾਂਦਾ। ਵਪਾਰੀ ਆਪ ਹੀ ਮਾਲ ਲੱਦ ਕੇ ਲੈ ਜਾਂਦੇ ਹਨ। ਸਾਡੇ ਤਾਂ ਹਰਾ ਇਨਕਲਾਬ ਅਜਿਹਾ ਸਾਡੀਆਂ ਜੜ੍ਹਾਂ ਵਿਚ ਬੈਠਿਆ ਕਿ ਖਾਂਦੇ ਹਾਂ ਤਾਂ ਵੀ ਮਰੇ ਤੇ ਜੇ ਨਹੀਂ ਖਾਂਦੇ ਤਾਂ ਵੀ ਮਰੇ।
ਮੈਨੂੰ ਇੱਥੇ ਕਈ ਅੰਗਰੇਜ਼ ਮਿਲੇ। ਇੰਗਲੈਂਡ ਦਾ ਆਸਟਿਨ ਤੇ ਪੋਲੈਂਡ ਦੀ ਕਰੋਲਿਨਾ ਦੂਜੀ ਵਾਰ ਕਿੱਬਰ ਆਏ ਸਨ। ਕਰੋਲਿਨਾ ਕਹਿੰਦੀ,'' ਇਹੋ ਜਿਹੇ ਪਹਾੜ ਸਾਰੇ ਯੂਰਪ ਵਿਚ ਕਿਤੇ ਵੀ ਨਹੀਂ। ਮੈਂ ਤਾਂ ਇਨ੍ਹਾਂ ਨੂੰ ਵੇਖ ਕੇ ਪਾਗਲ ਹੋ ਜਾਂਦੀ ਹਾਂ। ਮੇਰਾ ਜੀਅ ਕਰਦਾ ਇੱਥੇ ਹੀ ਘਰ ਪਾ ਲਵਾਂ।'' ਜਦੋਂ ਮੈਂ ਆਪਣੇ ਨਾਲ ਦੇ ਸਾਥੀਆਂ ਨੂੰ ਕਰੋਲਿਨਾ ਦੇ ਵਿਚਾਰ ਦੱਸੇ ਤਾਂ ਉਹ ਕਹਿੰਦੇ ,'' ਮੇਮ ਦਾ ਸਾਲੀ ਦਾ ਦਿਮਾਗ ਖਰਾਬ ਹੋਇਆ, ਜਿਹੜੀ ਐਨੇ ਪੈਸੇ ਪੱਟ ਕੇ ਇੱਥੇ ਮਾਰੂਥਲ ਵਿਚ ਮਿੱਟੀ ਛਾਣਦੀ ਫਿਰਦੀ ਐ।''
ਪੜ੍ਹੋ ਇਹ ਵੀ ਖਬਰ - 'ਜਗ ਬਾਣੀ' ਸੈਰ-ਸਪਾਟਾ-2 : ਖੁਸ਼ਹਾਲੀ ਦੇ ਦੇਸ਼ ਭੂਟਾਨ ਵਿਚ ਘੁੰਮਦਿਆਂ
ਸਪੇਨ ਦਾ ਲੂਈਸ ਕਹਿੰਦਾ ,'' ਮੈਂ ਦੁਨੀਆ ਦੇ ਅੱਸੀ ਤੋਂ ਵੱਧ ਮੁਲਕ ਘੁੰਮ ਆਇਆਂ ਪਰ ਇੱਥੇ ਵਰਗਾ ਨਜ਼ਾਰਾ ਦੁਰਲੱਭ ਐ।''
ਕਿੱਬਰ ਵਿਚ ਹੀ 1000 ਸਾਲ ਪੁਰਾਣਾ ਮੱਠ ਹੈ, ਜਿਸ ਦੇ ਅੰਦਰ ਬਹੁਤ ਹੀ ਕਮਾਲ ਦੀਆਂ ਮੂਰਤੀਆਂ ਬਣੀਆਂ ਹੋਈਆਂ ਹਨ। ਮੈਂ ਉਸ ਮੱਠ ਵਿਚ ਜਾ ਕੇ ਬੋਧੀਆਂ ਦੇ ਕਮਾਲ ਵੇਖੇ ਪਰ ਮੇਰੇ ਸਾਥੀ ਉਥੇ ਬਣ ਰਹੀ ਇਮਾਰਤ ਦੀਆਂ ਲੋਹੇ ਦੇ ਸਾਂਚੇ ਨਾਲ ਬਣ ਰਹੀਆਂ ਇੱਟਾਂ ਹੀ ਵੇਖਦੇ ਰਹੇ। ਮੈਂ ਕਿਹਾ ਜੇ ਇੱਥੇ ਆ ਕੇ ਵੀ ਤੁਸੀਂ ਇੱਟਾਂ ਹੀ ਪੱਥਦੀਆਂ ਵੇਖਣੀਆਂ ਸਨ ਤਾਂ ਫੇਰ ਐਡੇ ਲੰਬੇ ਸਫਰ 'ਚ ਘੀਸੀਆਂ ਕਰਨ ਦਾ ਕੀ ਫਾਇਦਾ ਹੋਇਆ। ਜਿਸ ਦਿਨ ਅਸੀਂ ਕਿੱਬਰ ਪੁੱਜੇ ਉਸ ਦਿਨ ਕਾਰਪੋਰੇਟਾਂ ਦੀ ਖੇਡ ਕ੍ਰਿਕਟ ਦਾ ਭਾਰਤ ਤੇ ਪਾਕਿਸਤਾਨ ਵਿਚਾਲੇ ਮੈਚ ਹੋਣਾ ਸੀ। ਮੇਰੇ ਨਾਲ ਦੇ ਉਥੇ ਕੁਦਰਤ ਨਾਲ ਗੱਲਾਂ ਕਰਨ ਦੀ ਥਾਂ, ਮੈਚ ਹੀ ਵੇਖਦੇ ਰਹੇ ਤੇ ਜਦੋਂ ਭਾਰਤ ਹਾਰ ਗਿਆ ਤਾਂ ਉਨ੍ਹਾਂ ਦੇ ਮੂੰਹ ਇਸ ਤਰ੍ਹਾਂ ਸਨ ਜਿਵੇਂ ਕੋਈ ਉਨ੍ਹਾਂ ਦੇ ਖੂਹ 'ਤੇ ਨਹਾਉਂਦਿਆਂ ਦੇ, ਕੱਛੇ ਲੈ ਕੇ ਦੌੜ ਗਿਆ ਹੋਵੇ।