ਜੰਮੂ-ਕਸ਼ਮੀਰ: ਕੋਰੋਨਾ ਪਾਬੰਦੀਆਂ ’ਚ ਢਿੱਲ ਨਾਲ ਪਹਿਲਗਾਮ ’ਚ ਵਧੀ ਸੈਲਾਨੀਆਂ ਦੀ ਆਮਦ
Saturday, Jul 10, 2021 - 12:53 PM (IST)
ਪਹਿਲਗਾਮ— ਜੰਮੂ-ਕਸ਼ਮੀਰ ਸਰਕਾਰ ਨੇ ਕੋਵਿਡ-19 ਪਾਬੰਦੀਆਂ ’ਚ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਹੈ। ਪਾਬੰਦੀਆਂ ’ਚ ਢਿੱਲ ਮਿਲਦੇ ਹੀ ਸੈਲਾਨੀ ਆਪਣੇ ਪਰਿਵਾਰਾਂ ਅਤੇ ਦੋਸਤਾਂ ਨਾਲ ਪਹਿਲਗਾਮ ਘੁੰਮਣ ਜਾ ਰਹੇ ਹਨ। ਕਈ ਲੋਕ ਘੋੜ ਸਵਾਰੀ ਕਰਦੇ ਅਤੇ ਕਈ ਨਦੀ ਦੇ ਕੰਢੇ ਬੈਠ ਕੇ ਕਸ਼ਮੀਰ ਦੀਆਂ ਵਾਦੀਆਂ ਦਾ ਆਨੰਦ ਮਾਣਦੇ ਨਜ਼ਰ ਆਏ। ਪਹਿਲਗਾਮ ’ਚ ਪੋਨੀਵਾਲਾ ਐਸੋਸੀਏਸ਼ਨ ਦੇ ਪ੍ਰਧਾਨ ਬਸ਼ੀਰ ਅਹਿਮਦ ਨੇ ਕਿਹਾ ਕਿ ਮੈਂ ਘਾਟੀ ਵਿਚ ਕੋਵਿਡ-19 ਪਾਬੰਦੀਆਂ ਨੂੰ ਘੱਟ ਕਰਨ ਦੇ ਸਰਕਾਰ ਦੇ ਫ਼ੈਸਲੇ ਦਾ ਸਵਾਗਤ ਕਰਦਾ ਹਾਂ।
ਇਹ ਵੀ ਪੜ੍ਹੋ: ਕਿਸ਼ਤੀਆਂ ’ਤੇ ਆਈ ਬਰਾਤ, ਹੜ੍ਹ ਦੇ ਪਾਣੀ ’ਚ ਹੋਈਆਂ ਵਿਆਹ ਦੀਆਂ ਰਸਮਾਂ, ਇੰਝ ਵਿਦਾ ਹੋਈ ਲਾੜੀ
ਬਸ਼ੀਰ ਅਹਿਮਦ ਨੇ ਕਿਹਾ ਇਸ ਕਦਮ ਨਾਲ ਪਹਿਲਗਾਮ ’ਚ ਕਈ ਸੈਲਾਨੀਆਂ ਦਾ ਆਉਣਾ ਸ਼ੁਰੂ ਹੋ ਗਿਆ ਹੈ। ਬਹੁਤ ਸਾਰੇ ਲੋਕ ਲੰਬੀ ਦੂਰੀ ਦੀ ਯਾਤਰਾ ਲਈ ਘੋੜ ਸਵਾਰੀ ਦਾ ਬਦਲ ਚੁਣਦੇ ਹਨ, ਜਿਸ ਨਾਲ ਸਾਨੂੰ ਇਸ ਮੁਸ਼ਕਲ ਸਮੇਂ ਵਿਚ ਮਦਦ ਮਿਲ ਰਹੀ ਹੈ। ਮੌਜੂਦਾ ਕੋਵਿਡ-19 ਦੀ ਸਥਿਤੀ ਨੂੰ ਵੇਖਦੇ ਹੋਏ ਅਸੀਂ ਭਰੋਸਾ ਦੇ ਰਹੇ ਹਾਂ ਕਿ ਸਾਡੇ ਸਾਰੇ ਘੋੜੇ ਵਾਲਿਆਂ ਨੂੰ ਟੀਕਾ ਲਾਇਆ ਗਿਆ ਹੈ। ਸਾਨੂੰ ਉਮੀਦ ਹੈ ਕਿ ਸੈਰ-ਸਪਾਟਾ ਉਦਯੋਗ ਛੇਤੀ ਹੀ ਸਹੀ ਤਰ੍ਹਾਂ ਨਾਲ ਮੁੜ ਤੋਂ ਸ਼ੁਰੂ ਹੋ ਜਾਵੇਗਾ।
ਇਹ ਵੀ ਪੜ੍ਹੋ: ਜੰਮੂ ਕਸ਼ਮੀਰ ਜਾਣ ਵਾਲੇ ਯਾਤਰੀਆਂ ਲਈ ਖ਼ੁਸ਼ਖ਼ਬਰੀ, ਸੈਲਾਨੀ ਲੈ ਸਕਣਗੇ ਹੈਲੀਕਾਪਟਰ ਸੇਵਾ ਦਾ ਆਨੰਦ
ਇਕ ਸੈਲਾਨੀ ਨੇ ਕਿਹਾ ਕਿ ਮੈਂ ਇੱਥੇ ਪਹਿਲਗਾਮ ਘੁੰਮਣ ਆਇਆ ਹਾਂ। ਇੱਥੇ ਕਰੀਬ ਇਕ ਹਫ਼ਤੇ ਤੱਕ ਰਹਾਂਗੇ। ਪੰਜਾਬ ’ਚ ਮੌਸਮ ਬਹੁਤ ਗਰਮ ਹੈ, ਇਸ ਲਈ ਮੈਂ ਆਪਣੇ ਪਰਿਵਾਰ ਨਾਲ ਇੱਥੇ ਕਸ਼ਮੀਰ ਵਾਦੀਆਂ ਦਾ ਆਨੰਦ ਮਾਣਨ ਆਏ ਹਾਂ। ਪਹਿਲਗਾਮ ਬਹੁਤ ਹੀ ਖੂਬਸੂਰਤ ਥਾਂ ਹੈ। ਪਹਿਲਾਂ ਤਾਲਾਬੰਦੀ ਦੌਰਾਨ ਯਾਤਰਾ ਕਰਨਾ ਮੁਸ਼ਕਲ ਸੀ। ਹੁਣ ਕੋਰੋਨਾ ਦੀ ਦੂਜੀ ਲਹਿਰ ਥੋੜ੍ਹੀ ਮੱਠੀ ਪੈਣ ਤੋਂ ਬਾਅਦ ਸੈਲਾਨੀਆਂ ਨੇ ਪਹਿਲਗਾਮ ਦੀ ਯਾਤਰਾ ਸ਼ੁਰੂ ਕਰ ਦਿੱਤੀ ਹੈ। ਘੋੜ ਸਵਾਰੀ ਸੈਲਾਨੀਆਂ ਵਿਚਾਲੇ ਖਿੱਚ ਦਾ ਕੇਂਦਰ ਬਣ ਗਈ ਹੈ। ਕਈ ਸੈਲਾਨੀ ਆਪਣੇ ਪਰਿਵਾਰ ਨਾਲ ਆਨੰਦ ਮਾਣ ਰਹੇ ਹਨ।