ਕੋਵਿਡ-19: ਜੰਮੂ-ਕਸ਼ਮੀਰ ’ਚ 24 ਘੰਟੇ ਮਾਨਸਿਕ ਸਿਹਤ ਹੈਲਪਲਾਈਨ ਦੇਵੇਗੀ ‘ਸਕੂਨ’
Thursday, Jul 01, 2021 - 06:11 PM (IST)
ਸ਼੍ਰੀਨਗਰ— ਕੋਵਿਡ-19 ਯਾਨੀ ਕਿ ਕੋਰੋਨਾ ਵਾਇਰਸ ਦਰਮਿਆਨ ਜੰਮੂ-ਕਸ਼ਮੀਰ ਦੇ ਲੋਕਾਂ ਦੇ ਮਾਨਸਿਕ ਸਿਹਤ ’ਚ ਸੁਧਾਰ ਦੀਆਂ ਕੋਸ਼ਿਸ਼ਾਂ ਤਹਿਤ ਸੂਬਾ ਆਫ਼ਤ ਪ੍ਰਤੀਕਿਰਿਆ ਬਲ (ਐੱਸ. ਡੀ. ਆਰ. ਐੱਫ.) ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਪਹਿਲੇ 24×7 ਯਾਨੀ ਕਿ 24 ਘੰਟੇ ‘ਸਕੂਨ’ ਹੈਲਪਲਾਈਨ ਦੀ ਸ਼ੁਰੂਆਤ ਕੀਤੀ ਹੈ। ਪ੍ਰੋਗਰਾਮ ਦਾ ਨਾਮ ਸ਼ਾਬਦਿਕ ਰੂਪ ਨਾਲ ‘ਰਾਹਤ’ ਹੈ। ਇਸ ਦਾ ਮੁੱਖ ਟੀਚਾ ਚਿੰਤਾ, ਤਣਾਅ, ਨਸ਼ੀਲੇ ਪਦਾਰਥਾਂ ਦੇ ਸੇਵਨ, ਅੱਤਵਾਦੀਆਂ ਦੇ ਹਮਲਿਆਂ ਅਤੇ ਕਈ ਹੋਰ ਮਾਨਸਿਕ ਮੁੱਦਿਆਂ ਨਾਲ ਨਜਿੱਠਣ ਵਾਲੇ ਲੋਕਾਂ ਨੂੰ ਮਾਰਗਦਰਸ਼ਨ ਪ੍ਰਦਾਨ ਕਰਨਾ ਹੈ।
ਪਹਿਲੀ ਬਟਾਲੀਅਨ ਦੇ ਕਮਾਂਡੇਂਟ ਹਸੀਬ ਰਹਿਮਾਨ ਮੁਤਾਬਕ ਡਾਕਟਰਾਂ ਅਤੇ ਮਾਨਸਿਕ ਸਿਹਤ ਮਾਹਰਾਂ ਨਾਲ ਤਾਲਮੇਲ ਅਤੇ ਸਲਾਹ-ਮਸ਼ਵਰੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਪਹਿਲੀ ਵਾਰ ਇੱਥੇ ਪੋਸਟ ਕੀਤਾ ਗਿਆ ਸੀ ਤਾਂ ਸਾਨੂੰ ਪ੍ਰਾਪਤ ਹੋਣ ਵਾਲੀਆਂ ਜ਼ਿਆਦਾਤਰ ਫੋਨ ਕਾਲ ਖ਼ੁਦਕੁਸ਼ੀ ਦੀਆਂ ਸਨ। ਅਸੀਂ ਇਸ ਸਮੱਸਿਆ ਦੇ ਹੱਲ ਲਈ ਹੈਲਪਲਾਈਨ ਨੂੰ ਸ਼ੁਰੂ ਕਰਨ ਦਾ ਫ਼ੈਸਲਾ ਲਿਆ।
ਰਹਿਮਾਨ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਜੋ ਲੋਕ ਉਦਾਸ, ਚਿੰਤਿਤ ਜਾਂ ਨਸ਼ੇ ਦੀ ਆਦੀ ਹਨ, ਉਹ ਇਸ ਹੈਲਪਲਾਈਨ ਦੇ ਜ਼ਰੀਏ ਮਦਦ ਲੈ ਸਕਦੇ ਹਨ। ਅਸੀਂ ਇਸ ਪਹਿਲ ਲਈ ਪੇਸ਼ੇਵਰਾਂ ਅਤੇ ਡਾਕਟਰਾਂ ਨਾਲ ਤਾਲਮੇਲ ਕੀਤਾ ਹੈ ਅਤੇ ਕਈ ਮਾਹਰ ਸਲਾਹਕਾਰ ਬੋਰਡ ਦਾ ਹਿੱਸਾ ਹਨ। 24×7 ਸੇਵਾਵਾਂ ਤੱਕ ਪਹੁੰਚਣ ਲਈ ਲੋਕਾਂ ਨੂੰ ਟੋਲ ਫਰੀ ਨੰਬਰ 1800-1807159 ’ਤੇ ਡਾਇਲ ਕਰਨਾ ਹੋਵੇਗਾ। ਇਕ ਆਪਰੇਟਰ ਨੇ ਕਿਹਾ ਕਿ ਸਾਨੂੰ ਇਸ ਪਹਿਲ ’ਤੇ ਬਹੁਤ ਮਾਣ ਹੈ। ਇਹ ਹੈਲਪਲਾਈਨ ਲੋਕਾਂ ਦੀ ਬਹੁਤ ਮਦਦ ਕਰੇਗੀ। ਖ਼ੁਦਕੁਸ਼ੀ ਦੇ ਮਾਮਲੇ ਵੱਧ ਰਹੇ ਹਨ ਅਤੇ ਵੱਧ ਤੋਂ ਵੱਧ ਲੋਕ ਹਰ ਦਿਨ ਤਣਾਅ ਵਿਚ ਜੀ ਰਹੇ ਹਨ।