ਜੰਮੂ-ਕਸ਼ਮੀਰ: NIA ਨੇ ਹਿਜ਼ਬੁਲ ਮੁਜਾਹਿਦੀਨ ਮੁਖੀ ਸਲਾਹੂਦੀਨ ਦੇ ਪੁੱਤਰ ਦਾ ਮਕਾਨ ਕੀਤਾ ਕੁਰਕ
Monday, Apr 24, 2023 - 04:33 PM (IST)
ਸ਼੍ਰੀਨਗਰ- ਰਾਸ਼ਟਰੀ ਜਾਂਚ ਏਜੰਸੀ (NIA) ਨੇ ਸੋਮਵਾਰ ਨੂੰ ਇੱਥੋਂ ਦੇ ਰਾਮਬਾਗ ਇਲਾਕੇ 'ਚ ਹਿਜ਼ਬੁਲ ਮੁਜਾਹਿਦੀਨ ਦੇ ਮੁਖੀ ਸਈਅਦ ਸਲਾਹੂਦੀਨ ਦੇ ਪੁੱਤਰ ਦੇ ਮਕਾਨ ਨੂੰ ਕੁਰਕ ਕਰ ਲਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਈਅਦ ਅਹਿਮਦ ਸ਼ਕੀਲ ਦੇ ਨਾਂ 'ਤੇ ਮਾਲ ਰਿਕਾਰਡ ਵਿਚ ਰਜਿਸਟਰਡ ਮਕਾਨ ਗੈਰ-ਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ (UAPA) ਦੇ ਤਹਿਤ ਅਦਾਲਤ ਦੇ ਆਦੇਸ਼ਾਂ 'ਤੇ ਅਟੈਚ ਕੀਤਾ ਗਿਆ।
ਘਰ ਦੇ ਬਾਹਰ ਜਾਇਦਾਦ ਕੁਰਕ ਕਰਨ ਦਾ ਨੋਟਿਸ ਬੋਰਡ ਲਗਾਇਆ ਗਿਆ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ NIA ਵੱਲੋਂ ਹਿਜ਼ਬੁਲ ਮੁਜਾਹਿਦੀਨ ਅੱਤਵਾਦੀ ਸਮੂਹ ਦੇ ਸੰਸਥਾਪਕ-ਨੇਤਾ ਮੁਹੰਮਦ ਯੂਸਫ ਸ਼ਾਹ ਉਰਫ ਸਈਅਦ ਸਲਾਹੂਦੀਨ ਦੀਆਂ ਹੋਰ ਜਾਇਦਾਦਾਂ ਕੁਰਕ ਕਰਨ ਦੀ ਸੰਭਾਵਨਾ ਹੈ। ਸਲਾਹੂਦੀਨ ਹੁਣ ਪਾਕਿਸਤਾਨ ਵਿਚ ਰਹਿੰਦਾ ਹੈ।
