ਜੰੰਮੂ-ਕਸ਼ਮੀਰ: ਪੁੰਛ ’ਚ ਸੁਰੱਖਿਆ ਦਸਤਿਆਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ, ਤਲਾਸ਼ੀ ਮੁਹਿੰਮ ਜਾਰੀ

Monday, Oct 18, 2021 - 01:44 PM (IST)

ਜੰੰਮੂ-ਕਸ਼ਮੀਰ: ਪੁੰਛ ’ਚ ਸੁਰੱਖਿਆ ਦਸਤਿਆਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ, ਤਲਾਸ਼ੀ ਮੁਹਿੰਮ ਜਾਰੀ

ਜੰਮੂ (ਵਾਰਤਾ)— ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੇ ਮੇਂਢਰ ਦੇ ਜੰਗਲਾਂ ’ਚ ਲੁੱਕੇ ਹੋਏ ਅੱਤਵਾਦੀਆਂ ਅਤੇ ਸੁਰੱਖਿਆ ਦਸਤਿਆਂ ਵਿਚਾਲੇ ਸੋਮਵਾਰ ਨੂੰ ਮੁਕਾਬਲਾ ਹੋਇਆ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਫ਼ੌਜ, ਪੁਲਸ ਅਤੇ ਨੀਮ ਫ਼ੌਜ ਬਲਾਂ ਦੇ ਜਵਾਨਾਂ ਦੀ ਸਾਂਝੀ ਟੀਮ ਮੇਂਢਰ ਵਿਚ ਨਰ ਖ਼ਾਸ ਦੇ ਜੰਗਲਾਂ ਵਿਚ ਤਲਾਸ਼ੀ ਮੁਹਿੰਮ ਚਲਾ ਰਹੇ ਹਨ। ਅੱਤਵਾਦੀਆਂ ਦਾ ਪਤਾ ਲਾਉਣ ਲਈ ਹੈਲੀਕਾਪਟਰਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਅੱਤਵਾਦੀ ਸੰਘਣੇ ਜੰਗਲਾਂ ’ਚ ਲੱਕੇ ਹੋਏ ਹਨ ਅਤੇ ਰੁੱਕ-ਰੁੱਕ ਕੇ ਗੋਲੀਬਾਰੀ ਕਰ ਰਹੇ ਹਨ, ਜਿਨ੍ਹਾਂ ਦਾ ਸੁਰੱਖਿਆ ਦਸਤੇ ਦੇ ਜਵਾਨ ਮੂੰਹ ਤੋੜ ਜਵਾਬ ਦੇ ਰਹੇ ਹਨ। ਫ਼ੌਜ ਦੇ ਜਵਾਨ ਸਾਵਧਾਨੀ ਨਾਲ ਅੱਗੇ ਵੱਧ ਰਹੇ ਹਨ, ਕਿਉਂਕਿ ਭਾਰੀ ਹਥਿਆਰਾਂ ਨਾਲ ਲੈੱਸ ਅੱਤਵਾਦੀ ਜੰਗਲਾਂ ’ਚ ਲੁੱਕੇ ਹੋਏ ਹਨ।

ਜ਼ਿਕਰਯੋਗ ਹੈ ਕਿ 11 ਅਕਤੂਬਰ ਤੋਂ ਹੁਣ ਤਕ ਅੱਤਵਾਦੀਆਂ ਨਾਲ ਮੁਕਾਬਲੇ ਵਿਚ ਦੋ ਜੇ. ਸੀ. ਓ. ਸਮੇਤ ਫ਼ੌਜ ਦੇ 9 ਜਵਾਨ ਸ਼ਹੀਦ ਹੋਏ ਹਨ। ਸੰਘਣੇ ਜੰਗਲ ਹੋਣ ਕਰ ਕੇ ਅੱਤਵਾਦੀਆਂ ਖ਼ਿਲਾਫ਼ ਮੁਹਿੰਮ ਚਲਾਉਣ ’ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੂਤਰਾਂ ਮੁਤਾਬਕ ਸੁਰੱਖਿਆ ਦਸਤਿਆਂ ਨੇ ਅੱਤਵਾਦੀਆਂ ਦੀ ਮਦਦ ਕਰਨ ਦੇ ਸ਼ੱਕ ਵਿਚ ਦੋ ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਇਨ੍ਹਾਂ ਦੋ ਲੋਕਾਂ ਨੂੰ ਅੱਤਵਾਦੀਆਂ ਦੇ ਇਕ ਸਮੂਹ ਨੂੰ ਖੁਰਾਕ ਪਦਾਰਥ ਅਤੇ ਸ਼ਰਨ ਮੁਹੱਈਆ ਕਰਾਉਣ ਦੇ ਦੋਸ਼ ਵਿਚ ਹਿਰਾਸਤ ’ਚ ਲਿਆ ਗਿਆ ਹੈ। ਵਧੇਰੇ ਜਾਣਕਾਰੀ ਹਾਸਲ ਕਰਨ ਲਈ ਹਿਰਾਸਤ ਵਿਚ ਲਏ ਗਏ ਲੋਕਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।


author

Tanu

Content Editor

Related News