ਇਵਾਂਕਾ ਟਰੰਪ ਦੇ ਸਵਾਗਤ ਦੀਆਂ ਤਿਆਰੀਆਂ ਜ਼ੋਰਾਂ ''ਤੇ, ਹਰ ਡਿਸ਼ ਲਈ ਵੱਖਰਾ ਸ਼ੈਫ ਤੇ ਵਿਦੇਸ਼ਾਂ ਤੋਂ ਮੰਗਵਾਏ ਜਾਣਗੇ ਫੁੱਲ

Thursday, Nov 23, 2017 - 06:02 PM (IST)

ਨਵੀਂ ਦਿੱਲੀ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬੇਟੀ ਇਵਾਂਕਾ ਟਰੰਪ ਹੈਦਰਾਬਾਦ 'ਚ ਹੋਣ ਵਾਲੇ ਗਲੋਬਲ ਇਕਨਾਮਿਕ ਸਮਿਟ 'ਚ ਸ਼ਾਮਲ ਹੋਣ 28 ਨਵੰਬਰ ਨੂੰ ਭਾਰਤ ਆਵੇਗੀ। ਇਸ ਸਮਿਟ 'ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹੋਣਗੇ ਤੇ ਇਵਾਂਕਾ ਨਾਲ ਮੁਲਾਕਾਤ ਕਰਨਗੇ। ਇਵਾਂਕਾ ਦੇ ਦੌਰੇ ਦੇ ਮੱਦੇਨਜ਼ਰ ਖਾਸ ਇੰਤਜ਼ਾਮ ਕੀਤੇ ਗਏ ਹਨ। ਇਵਾਂਕਾ ਦੇ ਸਵਾਗਤ ਲਈ ਜਿਥੇ ਵਿਦੇਸ਼ੀ ਫੁੱਲਾਂ ਨਾਲ ਉਨ੍ਹਾਂ ਦਾ ਸਵਾਗਤ ਹੋਵੇਗਾ, ਉਥੇ ਹਰ ਡਿਸ਼ ਲਈ ਵੱਖ-ਵੱਖ ਸ਼ੈਫ ਦੀ ਵੀ ਵਿਵਸਥਾ ਕੀਤੀ ਗਈ ਹੈ। ਇੰਨਾਂ ਹੀ ਨਹੀਂ ਇਵਾਂਕਾ ਦੀ ਸੁਰੱਖਿਆ ਨੂੰ ਲੈ ਕੇ ਏਜੰਸੀਆਂ ਪੂਰੀ ਤਰ੍ਹਾਂ ਸਾਵਧਾਨ ਹਨ।

PunjabKesari
ਬੈਂਕਾਕ-ਇੰਡੋਨੇਸ਼ੀਆ ਤੋਂ ਮੰਗਵਾਏ ਗਏ ਫੁੱਲ
ਟਾਈਮਸ ਆਫ ਇੰਡੀਆ ਦੀ ਖਬਰ ਮੁਤਾਬਕ ਇਵਾਂਕਾ ਦੇ ਸਵਾਗਤ ਲਈ ਬੈਂਕਾਕ, ਇੰਡੋਨੇਸ਼ੀਆ ਤੇ ਬੈਂਗਲੋਰ ਤੋਂ ਫੁੱਲ ਮੰਗਵਾਏ ਗਏ ਹਨ। ਇੰਨਾਂ ਹੀ ਨਹੀਂ ਇਵਾਂਕਾ ਟਰੰਪ ਹੈਦਰਾਬਾਦ ਦੇ ਫਲਕਨੁਮਾ ਪੈਲੇਸ 'ਚ ਡਿਨਰ ਕਰੇਗੀ, ਇਸ ਦੇ ਲਈ ਵੀ ਖਾਸ ਇੰਤਜ਼ਾਮ ਕੀਤੇ ਗਏ ਹਨ। ਇਥੇ ਦੇਸ਼ ਭਰ ਦੇ ਤਾਜ ਹੋਟਲਾਂ 'ਚੋਂ ਸ਼ੈਫਸ ਨੂੰ ਬੁਲਾਇਆ ਗਿਆ ਹੈ। ਹਰ ਸ਼ੈਫ ਇਕ ਵੱਖਰੀ ਡਿਸ਼ ਬਣਾਏਗਾ। ਇਵਾਂਕਾ ਨੂੰ ਗੋਲਡ ਤੇ ਸਿਲਵਰ ਦੀਆਂ ਪਲੇਟਾਂ 'ਚ ਖਾਣਾ ਪਰੋਸਿਆ ਜਾਵੇਗਾ।

PunjabKesari
ਹੋਟਲ ਸੁਰੱਖਿਆ ਦੇ ਪੁਖਤਾ ਇੰਤਜ਼ਾਮ
ਫਲਕਨੁਮਾ ਹੋਟਲ 'ਚ ਇਵਾਂਕਾ ਦੀ ਸੁਰੱਖਿਆ ਲਈ 2,000 ਪੁਲਸ ਕਰਮਚਾਰੀ ਮੌਜੂਦ ਰਹਿਣਗੇ ਤੇ ਹੋਟਲ ਦੇ ਬਾਹਰ 3,500 ਪੁਲਸ ਕਰਮਚਾਰੀ ਸੁਰੱਖਿਆ ਦਾ ਧਿਆਨ ਰੱਖਣਗੇ। ਇਵਾਂਕਾ ਲਈ ਵੀ.ਵੀ.ਆਈ. ਸਿਊਟ ਸਟੈਂਡਬਾਇ 'ਚ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਇਵਾਂਕਾ ਦੀ ਸੁਰੱਖਿਆ 'ਚ ਤੇਲੰਗਾਨਾ ਐਲੀਟ ਗ੍ਰੇਹਾਉਂਡ ਦੇ ਸਨਾਈਪਰ ਵੀ ਲੱਗੇ ਹੋਣਗੇ ਤੇ ਆਕਟੋਪਸ ਕਮਾਂਡੋ ਦੀ ਟੀਮ ਵੀ ਤਾਇਨਾਤ ਰਹੇਗੀ। ਇਹ ਕਮਾਂਡੋ ਰੂਸ 'ਚ ਬਣੀਆਂ ਰਾਇਫਲਾਂ ਨਾਲ ਪੂਰੀ ਤਰ੍ਹਾਂ ਲੈਸ ਰਹਿਣਗੇ।
ਇਹ ਹੈ ਇਵਾਂਕਾ ਦਾ ਪ੍ਰੋਗਰਾਮ
ਇਵਾਂਕਾ 28 ਨਵੰਬਰ ਨੂੰ ਕਮਰਸ਼ੀਅਲ ਫਲਾਈਟ ਰਾਹੀਂ ਸ਼ਮਸ਼ਾਬਾਦ ਏਅਰਪੋਰਟ ਆਵੇਗੀ। ਇਥੋਂ ਉਹ ਸੜਕ ਰਸਤੇ ਵੇਸਟਿਨ ਹੋਟਲ ਪਹੁੰਚੇਗੀ। ਹੋਟਲ ਤੋਂ ਇਵਾਂਕਾ ਪ੍ਰੋਗਰਾਮ ਵਾਲੀ ਥਾਂ ਐੱਸ.ਆਈ.ਸੀ.ਸੀ. ਪਹੁੰਚੇਗੀ। ਪ੍ਰੋਗਰਾਮ ਦੇ ਉਦਘਾਟਨ ਤੋਂ ਬਾਅਦ ਉਹ ਫਲਕਨੁਮਾ ਪੈਲੇਸ ਚਲੀ ਜਾਵੇਗੀ। 29 ਨਵੰਬਰ ਨੂੰ ਇਵਾਂਕਾ ਇਸ ਪ੍ਰੋਗਰਾਮ ਨੂੰ ਸੰਬੋਧਿਤ ਕਰੇਗੀ।


Related News