ਅਗਸਤਾ ਵੈਸਟਲੈਂਡ ਰਿਸ਼ਵਤਕਾਂਡ ''ਚ ਫਸੇ 2 ਅਫਸਰਾਂ ਨੂੰ ਇਟਲੀ ''ਚ ਕਲੀਨ ਚਿਟ

Thursday, May 23, 2019 - 12:01 PM (IST)

ਅਗਸਤਾ ਵੈਸਟਲੈਂਡ ਰਿਸ਼ਵਤਕਾਂਡ ''ਚ ਫਸੇ 2 ਅਫਸਰਾਂ ਨੂੰ ਇਟਲੀ ''ਚ ਕਲੀਨ ਚਿਟ

ਇਟਲੀ/ਨਵੀਂ ਦਿੱਲੀ (ਬਿਊਰੋ)— ਭਾਰਤ ਅਤੇ ਇਟਲੀ ਵਿਚ ਚਰਚਿਤ ਅਗਸਤਾ ਵੈਸਟਲੈਂਡ ਰਿਸ਼ਵਤਕਾਂਡ ਨੂੰ ਲੈ ਕੇ ਇਟਲੀ ਦੀ ਅਦਾਲਤ ਨੇ ਵੱਡਾ ਫੈਸਲਾ ਸੁਣਾਇਆ ਹੈ। ਭਾਰਤ ਸਰਕਾਰ ਨਾਲ ਹੈਲੀਕਾਪਟਰ ਸੌਦੇ ਵਿਚ ਫਸੀ ਇਟਲੀ ਦੀ ਰੱਖਿਆ ਮਾਮਲਿਆਂ ਦੀ ਕੰਪਨੀ ਲਿਓਨਾਰਡੋ ਦੇ ਦੋ ਉੱਚ ਅਧਿਕਾਰੀਆਂ ਨੂੰ ਸੁਪਰੀਮ ਕੋਰਟ ਨੇ ਦੋਸ਼ ਤੋਂ ਬਰੀ ਕਰ ਦਿੱਤਾ। ਸਾਲ 2010 ਵਿਚ ਅਗਸਤਾ ਵੈਸਟਲੈਂਡ ਹੈਲੀਕਾਪਟਰ ਰਿਸ਼ਵਤਕਾਂਡ ਵਿਚ ਇਨ੍ਹਾਂ ਦੋਹਾਂ ਅਧਿਕਾਰੀਆਂ ਦਾ ਨਾਮ ਆਇਆ ਸੀ। ਇਨ੍ਹਾਂ ਵਿਚ ਇਕ ਜੋਸੇਫ ਓਰਸੀ ਇਟਲੀ ਸਰਕਾਰ ਦੀ ਕੰਪਨੀ ਫਿਨਮੈਕੇਨਿਕਾ ਦੇ ਸੀ.ਈ.ਓ. ਸਨ ਜਦਕਿ ਦੂਜੇ ਅਧਿਕਾਰੀ ਬਰੂਨੋ ਸਪੇਜ਼ਨੋਲਿਨੀ ਇਸ ਦੇ ਹੈਲੀਕਾਪਟਰ ਕਾਰੋਬਾਰ ਨਾਲ ਜੁੜੇ ਵਿਭਾਗ ਦੇ ਪ੍ਰਮੁੱਖ ਸਨ। 

ਦੋਹਾਂ 'ਤੇ ਹੈਲੀਕਾਪਟਰ ਸੌਦੋ ਵਿਚ ਰਿਸ਼ਵਤ ਲੈਣ ਦੇ ਦੋਸ਼ ਲੱਗੇ ਸਨ। ਸਰਕਾਰੀ ਵਕੀਲ ਨੇ ਇਟਲੀ ਦੀ ਸੁਪਰੀਮ ਕੋਰਟ ਵਿਚ ਕਿਹਾ ਕਿ ਦੋਹਾਂ ਵਿਰੁੱਧ ਲੋੜੀਂਦੇ ਸਬੂਤਾਂ ਦੀ ਕਮੀ ਹੈ ਇਸ ਲਈ ਉਨ੍ਹਾਂ ਨੂੰ ਦੋਸ਼ਾਂ ਤੋਂ ਬਰੀ ਕੀਤਾ ਜਾਣਾ ਚਾਹੀਦਾ ਹੈ। ਸਾਲ 2016 ਵਿਚ ਹੇਠਲੀ ਅਦਾਲਤ ਨੇ ਇਨ੍ਹਾਂ ਦੋਹਾਂ ਨੂੰ ਦੋਸ਼ੀ ਮੰਨਿਆ ਸੀ। ਇਨ੍ਹਾਂ 'ਤੇ 12 ਹੈਲੀਕਾਪਟਰਾਂ ਦੇ ਸੌਦੇ ਵਿਚ 672 ਮਿਲੀਅਨ ਡਾਲਰ (14683 ਕਰੋੜ ਰੁਪਏ) ਦੀ ਰਿਸ਼ਵਤ ਦੇਣ ਦਾ ਦੋਸ਼ ਸਾਬਤ ਹੋਇਆ ਸੀ। ਉਸ ਲਈ ਦੋਹਾਂ ਨੂੰ ਕ੍ਰਮਵਾਰ ਚਾਰ ਸਾਲ ਅਤੇ ਸਾਢੇ ਚਾਰ ਸਾਲ ਦੀ ਜੇਲ ਦੀ ਸਜ਼ਾ ਦਿੱਤੀ ਗਈ ਸੀ। 

ਬਾਅਦ ਵਿਚ 2018 ਵਿਚ ਇਕ ਹੋਰ ਅਪੀਲ ਕੋਰਟ ਨੇ ਦੋਹਾਂ ਨੂੰ ਦੋਸ਼ਾਂ ਤੋਂ ਬਰੀ ਕਰ ਦਿੱਤਾ। ਸੁਪਰੀਮ ਕੋਰਟ ਵਿਚ ਮਾਮਲੇ ਦੀ ਅਪੀਲ ਦੇ ਬਾਅਦ ਬੁੱਧਵਾਰ ਨੂੰ ਉੱਥੋਂ ਵੀ ਦੋਹਾਂ ਅਧਿਕਾਰੀਆਂ ਨੂੰ ਕਲੀਨ ਚਿਟ ਮਿਲ ਗਈ। ਇਸ ਮਾਮਲੇ ਵਿਚ ਭ੍ਰਿਸ਼ਟਾਚਾਰ ਅਤੇ ਮਨੀ ਲਾਂਡਰਿੰਗ ਨਾਲ ਸਬੰਧਤ ਇਕ ਵੱਖਰਾ ਮਾਮਲਾ ਭਾਰਤੀ ਅਦਾਲਤ ਵਿਚ ਚੱਲ ਰਿਹਾ ਹੈ। ਓਰਸੀ ਦੇ ਵਕੀਲਏਨੀਓ ਨੇ ਆਸ ਜ਼ਾਹਰ ਕੀਤੀ ਹੈ ਕਿ ਇਟਲੀ ਦੀ ਸੁਪਰੀਮ ਕੋਰਟ ਦੇ ਫੈਸਲੇ ਦਾ ਅਸਰ ਭਾਰਤੀ ਅਦਾਲਤ ਵਿਚ ਚੱਲ ਰਹੇ ਮਾਮਲੇ 'ਤੇ ਵੀ ਪਵੇਗਾ। ਲੰਬੀ ਜਾਂਚ ਵਿਚ ਪਾਇਆ ਗਿਆ ਹੈ ਕਿ ਦੋਹਾਂ ਨੇ ਭ੍ਰਿਸ਼ਟਾਚਾਰ ਸਬੰਧੀ ਕੋਈ ਅਪਰਾਧ ਨਹੀਂ ਕੀਤਾ।


author

Vandana

Content Editor

Related News