43 ਦਿਨ ਦੇ ਵਿਆਹ ਪਿੱਛੋਂ ਤਲਾਕ ਲੈਣ ਨੂੰ ਲੱਗੇ 22 ਸਾਲ, ਆਖਿਰ SC ਨੇ ਦਿੱਤੀ ਰਾਹਤ
Wednesday, Jul 17, 2024 - 06:23 PM (IST)

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਇਕ ਅਹਿਮ ਫੈਸਲੇ 'ਚ ਇਕ ਅਜਿਹੇ ਜੋੜੇ ਦੇ ਤਲਾਕ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਲਈ ਉਹ 22 ਸਾਲਾਂ ਤੋਂ ਅਦਾਲਤ 'ਚ ਜਾ ਰਹੇ ਸਨ। ਇਹ ਜੋੜਾ ਵਿਆਹ ਤੋਂ ਬਾਅਦ ਸਿਰਫ਼ 43 ਦਿਨ ਇਕੱਠੇ ਰਿਹਾ ਅਤੇ ਫਿਰ ਵੱਖ ਹੋ ਗਿਆ ਸੀ। ਪਤੀ-ਪਤਨੀ ਦੋਵੇਂ ਮੈਡੀਕਲ ਪੇਸ਼ੇਵਰ ਹਨ। ਜੋੜੇ ਦਾ ਵਿਆਹ 2002 'ਚ ਹੋਇਆ ਸੀ ਅਤੇ ਪਤਨੀ ਉਸੇ ਸਾਲ ਮਾਰਚ 'ਚ ਆਪਣੇ ਪੇਕੇ ਚਲੀ ਗਈ ਸੀ। 2005 'ਚ ਅਦਾਲਤ ਨੇ ਮਾਮਲੇ ਨੂੰ ਸੁਲਝਾਉਣ ਲਈ 20 ਦਿਨਾਂ ਦਾ ਸਮਾਂ ਦਿੱਤਾ ਸੀ ਪਰ ਰਿਸ਼ਤੇ 'ਚ ਕੋਈ ਸੁਧਾਰ ਨਹੀਂ ਹੋਇਆ। ਉਸ ਤੋਂ ਬਾਅਦ ਦੋਵੇਂ ਵੱਖ ਹੋ ਗਏ ਅਤੇ ਆਪਣੀ-ਆਪਣੀ ਜ਼ਿੰਦਗੀ ਵੱਲ ਵਧ ਗਏ।
ਸੁਪਰੀਮ ਕੋਰਟ ਨੇ ਸੰਵਿਧਾਨ ਦੀ ਧਾਰਾ 142 ਦੇ ਤਹਿਤ ਤਲਾਕ ਦੇ ਇਸ ਮਾਮਲੇ 'ਚ ਆਪਣੀ ਵਿਸ਼ੇਸ਼ ਸ਼ਕਤੀ ਦੀ ਵਰਤੋਂ ਕਰਦੇ ਹੋਏ ਤਲਾਕ ਦੇ ਹੁਕਮ ਨੂੰ ਮਨਜ਼ੂਰ ਕੀਤਾ। ਅਦਾਲਤ ਨੇ ਇਹ ਵੀ ਦੇਖਿਆ ਕਿ ਜੋੜਾ ਦੋਵੇਂ ਵਿੱਤੀ ਤੌਰ 'ਤੇ ਸੁਤੰਤਰ ਸਨ ਅਤੇ ਉਨ੍ਹਾਂ ਦੇ ਵੱਖ ਹੋਣ ਦਾ ਕਾਰਨ ਨਿੱਜੀ ਮਾਮਲੇ ਸਨ, ਜਿਸ ਲਈ ਅਦਾਲਤ ਨੇ ਪਤਨੀ ਨੂੰ ਗੁਜ਼ਾਰਾ ਭੱਤਾ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਜੋੜੇ ਦੇ ਵਿਚਕਾਰ ਕਈ ਕਾਨੂੰਨੀ ਲੜਾਈਆਂ ਹੋਈਆਂ ਅਤੇ ਲੰਬੇ ਸਮੇਂ ਤੱਕ ਵੱਖ ਰਹਿਣ ਦੀ ਮਿਆਦ ਨਾਲ ਸੁਪਰੀਮ ਕੋਰਟ 'ਚ ਇਸ ਮਾਮਲੇ 'ਚ ਵਿਆਹ ਨੂੰ ਪੂਰੀ ਤਰ੍ਹਾਂ ਤੋੜਨ ਦਾ ਫੈਸਲਾ ਸੁਣਾਇਆ। ਪਤਨੀ ਨੇ ਅਦਾਲਤ 'ਚ ਦਾਅਵਾ ਕੀਤਾ ਸੀ ਕਿ ਉਸ ਨੇ ਸੁਲਾਹ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਅਦਾਲਤ ਨੇ ਉਸ ਦਾਅਵੇ ਨੂੰ ਸਵੀਕਾਰ ਨਹੀਂ ਕੀਤਾ। ਇਸ ਗੱਲ 'ਤੇ ਸੁਪਰੀਮ ਕੋਰਟ ਦੇ ਜੱਜ ਨੇ ਦੱਸਿਆ ਕਿ 22 ਸਾਲਾਂ ਦਰਮਿਆਨ ਔਰਤ ਕੋਲ ਆਪਣੇ ਪਤੀ ਨਾਲ ਸੁਲਾਹ ਕਰਨ ਲਈ ਪੂਰਾ ਮੌਕਾ ਸੀ। ਉੱਥੇ ਹੀ ਪਤੀ ਨੇ ਔਰਤ ਦੇ ਦਾਅਵੇ ਨੂੰ ਖਾਰਜ ਕਰਦੇ ਹੋਏ ਦਲੀਲ ਦਿੱਤੀ ਕਿ ਉਹ ਇਸ ਮਾਮਲੇ ਨੂੰ ਹੋਰ ਲੰਬਾ ਖਿੱਚਣ ਲਈ ਕੋਰਟ 'ਚ ਇਸ ਤਰ੍ਹਾਂ ਦੇ ਦਾਅਵੇ ਕਰ ਰਹੀ ਹੈ। ਸੁਪਰੀਮ ਕੋਰਟ ਨੇ ਪਤੀ ਦੀ ਦਲੀਲ ਨੂੰ ਸਵੀਕਾਰ ਕੀਤਾ ਅਤੇ ਧਾਰਾ 142 ਦੇ ਅਧੀਨ ਵਿਸ਼ੇਸ਼ ਸ਼ਕਤੀ ਦੀ ਵਰਤੋਂ ਕਰਦੇ ਹੋਏ ਕੋਰਟ ਨੇ ਉਨ੍ਹਾਂ ਦੇ ਤਲਾਕ ਨੂੰ ਮਨਜ਼ੂਰੀ ਦੇ ਦਿੱਤੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e