ਅਜੇ ਖਤਮ ਨਹੀਂ ਹੋਇਆ RSS-BJP ਸਬੰਧਾਂ ’ਤੇ ਨੱਢਾ ਦੀ ਟਿੱਪਣੀ ਦਾ ਮੁੱਦਾ
Friday, Sep 27, 2024 - 02:08 PM (IST)
ਨਵੀਂ ਦਿੱਲੀ- ਆਖ਼ਿਰਕਾਰ ‘ਬਿੱਲੀ ਥੈਲੇ ਤੋਂ ਬਾਹਰ’ ਆ ਗਈ ਹੈ ਅਤੇ ਇਹ ਅਧਿਕਾਰਤ ਹੈ। ਪਹਿਲੀ ਵਾਰ ਆਰ. ਐੱਸ. ਐੱਸ. ਨੇ ਅਧਿਕਾਰਤ ਤੌਰ ’ਤੇ ਕਿਹਾ ਕਿ ਸੰਗਠਨ ‘ਪਰਿਵਾਰਕ ਮਾਮਲਿਆਂ ਨੂੰ ਪਰਿਵਾਰਕ ਮਾਮਲਿਆਂ ਵਾਂਗ ਹੱਲ ਕਰਦਾ ਹੈ’ ਅਤੇ ਜਨਤਕ ਮੰਚਾਂ ’ਤੇ ਅਜਿਹੇ ਮੁੱਦਿਆਂ ’ਤੇ ਚਰਚਾ ਨਹੀਂ ਕਰਦਾ ਹੈ ਪਰ ਇਸ ਤਰ੍ਹਾਂ ਉਨ੍ਹਾਂ ਸਵੀਕਾਰ ਕੀਤਾ ਕਿ ਕੋਈ ਮਾਮਲਾ ਹੈ ਅਤੇ ਇਸ ਨੂੰ ਪਰਿਵਾਰ ਦੇ ਅੰਦਰ ਹੀ ਸੁਲਝਾਉਣ ਦੀ ਜ਼ਰੂਰਤ ਹੈ।
ਇਸ ਤੋਂ ਇਹ ਵੀ ਸੰਕੇਤ ਮਿਲਦਾ ਹੈ ਕਿ ਆਰ. ਐੱਸ. ਐੱਸ. ਬਾਰੇ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਭਾਜਪਾ ਪ੍ਰਧਾਨ ਜੇ. ਪੀ. ਨੱਢਾ ਦੀਆਂ ਟਿੱਪਣੀਆਂ ’ਤੇ ਸੰਘ ਪਰਿਵਾਰ ਦੇ ਅੰਦਰ ਛਿੜੇ ਵਿਵਾਦ ’ਤੇ ਅਜੇ ਤੱਕ ਆਖਰੀ ਸ਼ਬਦ ਨਹੀਂ ਲਿਖਿਆ ਗਿਆ ਹੈ। ਆਰ. ਐੱਸ. ਐੱਸ. ਦੇ ਸੰਯੁਕਤ ਜਨਰਲ ਸਕੱਤਰ ਸੁਨੀਲ ਆਂਬੇਕਰ ਨੇ ਜਨਤਕ ਤੌਰ ’ਤੇ ਜੇ. ਪੀ. ਨੱਢਾ ਦੀਆਂ ਟਿੱਪਣੀਆਂ ’ਤੇ ਚਰਚਾ ਕਰਨ ਤੋਂ ਮਨ੍ਹਾ ਕਰ ਦਿੱਤਾ ਅਤੇ ਕਿਹਾ ਕਿ ਇਹ ਇਕ ਪਰਿਵਾਰਕ ਮਾਮਲਾ ਹੈ। ਮਈ 2024 ’ਚ ਲੋਕ ਸਭਾ ਚੋਣਾਂ ਦੌਰਾਨ ਨੱਢਾ ਨੇ ਕਿਹਾ ਸੀ, ‘‘ਸ਼ੁਰੂਆਤ ’ਚ ਅਸੀਂ ਘੱਟ ਸਮਰੱਥਾਵਾਨ, ਛੋਟੇ ਸੀ ਅਤੇ ਸਾਨੂੰ ਆਰ. ਐੱਸ. ਐੱਸ. (ਸਮਰਥਨ) ਦੀ ਜ਼ਰੂਰਤ ਹੁੰਦੀ ਸੀ। ਅਸੀਂ ਵੱਡੇ ਗਏ ਹਾਂ ਅਤੇ ਹੁਣ ਸਮਰੱਥ ਹਾਂ। ਭਾਜਪਾ ਖੁਦ ਚੱਲਦੀ ਹੈ। ਇਹੀ ਫਰਕ ਹੈ।
ਉਦੋਂ ਆਰ. ਐੱਸ. ਐੱਸ. ਨੇ ਇਸ ਮੁੱਦੇ ’ਤੇ ਚੁੱਪ ਵੱਟੀ ਰੱਖੀ ਸੀ ਅਤੇ ਭਾਜਪਾ ਨਾ ਤਾਂ ਇਸ ਬਿਆਨ ਤੋਂ ਪਿੱਛੇ ਹਟੀ ਅਤੇ ਨਾ ਹੀ ਕੋਈ ਸਪੱਸ਼ਟੀਕਰਨ ਜਾਰੀ ਕੀਤਾ। ਇਸ ਲਈ ਸੁਨੀਲ ਆਂਬੇਕਰ ਦੀ ਪ੍ਰਤੀਕਿਰਿਆ ਬੇਹੱਦ ਅਹਿਮ ਸੀ। ਇਹ ਦਰਸਾਉਂਦਾ ਹੈ ਕਿ ਇਹ ਮਸਲਾ ਅਜੇ ਖਤਮ ਨਹੀਂ ਹੋਇਆ ਹੈ ਅਤੇ ਪਰਿਵਾਰਕ ਮਾਮਲਾ ਹੋਣ ਕਾਰਨ ਇਸ ਨੂੰ ਪਰਿਵਾਰ ਦੇ ਅੰਦਰ ਹੀ ਸੁਲਝਾ ਲਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਆਰ. ਐੱਸ. ਐੱਸ. ਨੇਤਾਵਾਂ ਨੇ ਜੇ. ਪੀ. ਨੱਢਾ ਨਾਲ ਉਨ੍ਹਾਂ ਦੇ ਘਰ ਮੁਲਾਕਾਤ ਕੀਤੀ ਸੀ ਅਤੇ ਬਾਅਦ ’ਚ ਆਪਣੇ 36 ਸੰਗਠਨਾਂ ਨਾਲ ਆਰ. ਐੱਸ. ਐੱਸ. ਦੀ ਸਾਲਾਨਾ ਸਮੀਖਿਆ ਬੈਠਕ ’ਚ ਭਾਗ ਲੈਣ ਲਈ ਪਲੱਕੜ ਵੀ ਗਏ ਸਨ। ਉਦੋਂ ਇਸ ਮੁੱਦੇ ’ਤੇ ਕੇਰਲ ਤੋਂ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਸੀ ਪਰ ਸੁਨੀਲ ਆਂਬੇਕਰ, ਜੋ ਆਰ. ਐੱਸ. ਐੱਸ. ਦੇ ਅਧਿਕਾਰਤ ਬੁਲਾਰੇ ਵੀ ਹਨ, ਨੇ ਲੱਗਭਗ 5 ਮਹੀਨੇ ਬਾਅਦ ਪਹਿਲੀ ਵਾਰ ਇਸ ਮੁੱਦੇ ’ਤੇ ਟਿੱਪਣੀ ਕੀਤੀ।