ਭਾਰਤ ਨੇ ਪੁਲਾੜ 'ਚ ਬਣਾਇਆ ਨਵਾਂ ਰਿਕਾਰਡ
Thursday, Jan 16, 2025 - 12:57 PM (IST)

ਨਵੀਂ ਦਿੱਲੀ- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਇਕ ਵਾਰ ਫਿਰ ਤੋਂ ਇਤਿਹਾਸ ਰਚ ਦਿੱਤਾ ਹੈ। ਇਸਰੋ ਨੇ 'ਸਪੇਸ ਡੌਕਿੰਗ ਐਕਸਪੈਰੀਮੈਂਟ' (SpaDeX) ਮਿਸ਼ਨ ਤਹਿਤ ਦੋ ਸੈਟੇਲਾਈਟ ਨੂੰ ਸਫ਼ਲਤਾਪੂਰਵਕ ਡੌਕ ਕਰਨ ਦੀ ਪ੍ਰਕਿਰਿਆ ਪੂਰੀ ਕਰ ਲਈ ਹੈ। ਅਮਰੀਕਾ, ਰੂਸ ਅਤੇ ਚੀਨ ਤੋਂ ਬਾਅਦ ਭਾਰਤ ਇਹ ਉਪਲੱਬਧੀ ਹਾਸਲ ਕਰਨ ਵਾਲਾ ਚੌਥਾ ਦੇਸ਼ ਬਣ ਗਿਆ ਹੈ। ਇਸਰੋ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਇਕ ਪੋਸਟ ਵਿਚ ਕਿਹਾ ਕਿ ਭਾਰਤ ਨੇ ਪੁਲਾੜ ਇਤਿਹਾਸ ਵਿਚ ਆਪਣਾ ਨਾਂ ਦਰਜ ਕਰ ਲਿਆ ਹੈ। ਭਾਰਤ, ਇਸਰੋ ਦੇ ਸਪੇਡੈਕਸ ਮਿਸ਼ਨ ਨੇ ਡੌਕਿੰਗ ਵਿਚ ਇਤਿਹਾਸਕ ਸਫ਼ਲਤਾ ਹਾਸਲ ਕੀਤੀ ਹੈ। ਇਸ ਪਲ ਦਾ ਗਵਾਹ ਬਣ ਕੇ ਮਾਣ ਮਹਿਸੂਸ ਹੋ ਰਿਹਾ ਹੈ।
ਦੱਸ ਦੇਈਏ ਕਿ ਇਸਰੋ ਨੇ ਇਸ ਤੋਂ ਪਹਿਲਾਂ ਦੋ ਵਾਰ ਡੌਕਿੰਗ ਦੀ ਕੋਸ਼ਿਸ਼ ਕੀਤੀ ਸੀ ਪਰ ਤਕਨੀਕੀ ਸਮੱਸਿਆਵਾਂ ਕਾਰਨ 7 ਅਤੇ 9 ਜਨਵਰੀ ਨੂੰ ਇਹ ਸੰਭਵ ਨਹੀਂ ਹੋ ਸਕਿਆ। 12 ਜਨਵਰੀ ਨੂੰ ਇਸਰੋ ਨੇ ਸੈਟੇਲਾਈਟ ਨੂੰ 15 ਮੀਟਰ ਅਤੇ 3 ਮੀਟਰ ਦੀ ਦੂਰੀ ਤੱਕ ਲਿਆਉਣ ਵਿਚ ਸਫ਼ਲਤਾ ਹਾਸਲ ਕੀਤੀ ਸੀ। ਇਸਰੋ ਨੇ ਕਿਹਾ ਸੀ ਕਿ 15 ਮੀਟਰ ਅਤੇ ਫਿਰ 3 ਮੀਟਰ ਤੱਕ ਦੀ ਦੂਰੀ ਨੂੰ ਸਫ਼ਲਤਾਪੂਰਵਕ ਤੈਅ ਕੀਤਾ ਗਿਆ ਹੈ। ਇਸ ਤੋਂ ਬਾਅਦ ਸੈਟੇਲਾਈਟਸ ਨੂੰ ਸੁਰੱਖਿਅਤ ਦੂਰੀ 'ਤੇ ਲਿਜਾਇਆ ਗਿਆ। ਡਾਟਾ ਦਾ ਵਿਸ਼ਲੇਸ਼ਣ ਮਗਰੋਂ ਡੌਕਿੰਗ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ।
ਇਸਰੋ ਮੁਤਾਬਕ ਜਦੋਂ ਪੁਲਾੜ ਵਿਚ ਕਈ ਆਬਜੈਕਟ ਹੁੰਦੇ ਹਨ ਅਤੇ ਜਿਨ੍ਹਾਂ ਨੂੰ ਕਿਸੇ ਖ਼ਾਸ ਉਦੇਸ਼ ਲਈ ਇਕੱਠੇ ਲਿਆਉਣ ਦੀ ਲੋੜ ਹੁੰਦੀ ਹੈ ਤਾਂ ਡੌਕਿੰਗ ਦੀ ਲੋੜ ਹੁੰਦੀ ਹੈ। ਡੌਕਿੰਗ ਉਹ ਪ੍ਰਕਿਰਿਆ ਹੈ, ਜਿਸ ਦੀ ਮਦਦ ਨਾਲ ਦੋ ਪੁਲਾੜ ਆਬਜੈਕਟ ਇਕੱਠੇ ਆਉਂਦੇ ਹਨ ਅਤੇ ਜੁੜਦੇ ਹਨ। ਇਹ ਵੱਖ-ਵੱਖ ਤਰੀਕਿਆਂ ਦੀ ਵਰਤੋਂ ਕਰ ਕੇ ਕੀਤਾ ਜਾ ਸਕਦਾ ਹੈ।