‘ਆਪ੍ਰੇਸ਼ਨ ਸਿੰਧੂਰ’ ਤੋਂ ਬਾਅਦ ਭਾਰਤ ਨੇ ਸ਼ੁਰੂ ਕੀਤਾ ‘ਆਪ੍ਰੇਸ਼ਨ ਸਿੰਧੂ’
Thursday, Jun 19, 2025 - 01:01 AM (IST)

ਨਵੀਂ ਦਿੱਲੀ- ਈਰਾਨ ਤੇ ਇਜ਼ਰਾਈਲ ਵਿਚਾਲੇ ਚੱਲ ਰਹੀ ਜੰਗ ਦਰਮਿਆਨ ਭਾਰਤ ਨੇ ਈਰਾਨ ’ਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਦੇ ਇਰਾਦੇ ਨਾਲ ‘ਆਪ੍ਰੇਸ਼ਨ ਸਿੰਧੂ’ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।
ਇਸ ਤੋਂ ਪਹਿਲਾਂ ਪਹਿਲਗਾਮ ਦੇ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਵਿਰੁੱਧ ਆਪ੍ਰੇਸ਼ਨ ਸਿੰਧੂਰ ਸ਼ੁਰੂ ਕੀਤਾ ਸੀ, ਜਿਸ ਕਾਰਨ ਦੋਵਾਂ ਦੇਸ਼ਾਂ ਦਰਮਿਅਾਨ ਤਣਾਅ ਸਿਖਰ ਤੇ ਪਹੁੰਚ ਗਿਆ ਸੀ। ਵਿਦੇਸ਼ ਮੰਤਰਾਲਾ ਦੇ ਅਧਿਕਾਰਤ ਬਿਆਨ ਅਨੁਸਾਰ ਉੱਤਰੀ ਈਰਾਨ ਤੋਂ ਲਗਭਗ 110 ਵਿਦਿਆਰਥੀਆਂ ਨੂੰ ਕੱਢਿਆ ਗਿਆ ਹੈ। ਇਨ੍ਹਾਂ ਵਿਦਿਆਰਥੀਆਂ ਨੂੰ ਅਾਰਮੇਨੀਆ ਜਾਣ ਲਈ ਕਿਹਾ ਗਿਆ ਹੈ ਜਿੱਥੋਂ ਉਨ੍ਹਾਂ ਨੂੰ ਨਵੀਂ ਦਿੱਲੀ ਵਾਪਸ ਲਿਆਂਦਾ ਜਾ ਰਿਹਾ ਹੈ।
ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਭਾਰਤ ਨੇ ਈਰਾਨ ਤੋਂ ਆਪਣੇ ਨਾਗਰਿਕਾਂ ਨੂੰ ਕੱਢਣ ਲਈ ਆਪ੍ਰੇਸ਼ਨ ਸਿੰਧੂ ਸ਼ੁਰੂ ਕੀਤਾ ਹੈ। ਭਾਰਤ ਨੇ 17 ਜੂਨ ਨੂੰ ਈਰਾਨ ਅਤੇ ਆਰਮੇਨੀਆ ’ਚ ਆਪਣੇ ਮਿਸ਼ਨਾਂ ਦੀ ਨਿਗਰਾਨੀ ਹੇਠ ਉੱਤਰੀ ਈਰਾਨ ਤੋਂ 110 ਵਿਦਿਆਰਥੀਆਂ ਨੂੰ ਬਾਹਰ ਕੱਢਿਆ। ਉਹ ਯੇਰੇਵਨ ਤੋਂ ਇਕ ਵਿਸ਼ੇਸ਼ ਉਡਾਣ ਰਾਹੀਂ ਰਵਾਨਾ ਹੋਏ। ਉਹ 19 ਜੂਨ ਨੂੰ ਸਵੇਰ ਨਵੀਂ ਦਿੱਲੀ ਪਹੁੰਚਣਗੇ।