ਅੱਤਵਾਦ ''ਤੇ ਭਾਰਤ ਦਾ ਰੁਖ਼ ਸਖ਼ਤ, SCO ''ਚ ਸਾਂਝੇ ਬਿਆਨ ''ਤੇ ਦਸਤਖ਼ਤ ਕਰਨ ਤੋਂ ਕੀਤਾ ਇਨਕਾਰ
Thursday, Jun 26, 2025 - 12:47 PM (IST)

ਨਵੀਂ ਦਿੱਲੀ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਨੂੰ ਚੀਨ ਵਿਚ ਹੋਈ ਸ਼ੰਘਾਈ ਸਹਿਯੋਗ ਸੰਗਠਨ (SCO) ਦੀ ਬੈਠਕ ਦੌਰਾਨ ਸਾਂਝੇ ਬਿਆਨ 'ਤੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਇਸ ਮੰਚ 'ਤੇ ਸਰਹੱਦੀ ਪਾਰ ਅੱਤਵਾਦ ਦਾ ਮਸਲਾ ਚੁੱਕਦਿਆਂ ਪਾਕਿਸਤਾਨ 'ਤੇ ਤਿੱਖਾ ਨਿਸ਼ਾਨਾ ਵਿੰਨ੍ਹਿਆ। ਰਾਜਨਾਥ ਸਿੰਘ ਨੇ ਕਿਹਾ ਕਿ ਜੋ ਦੇਸ਼ ਅੱਤਵਾਦੀਆਂ ਨੂੰ ਪਨਾਹ ਦਿੰਦੇ ਹਨ, ਉਨ੍ਹਾਂ ਨੂੰ ਨਿਆਂ ਦੇ ਕਟਘਰੇ 'ਚ ਲਿਆਂਦਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਐਸ.ਸੀ.ਓ. ਦੇ ਮੈਂਬਰ ਦੇਸ਼ਾਂ ਨੂੰ ਅੱਤਵਾਦ ਦੇ ਮਾਮਲੇ 'ਚ ਦੋਹਰੇ ਮਾਪਦੰਡ ਨਹੀਂ ਅਪਣਾਉਣੇ ਚਾਹੀਦੇ।
ਭਾਰਤ ਨੇ ਕਿਉਂ ਨਹੀਂ ਕੀਤਾ ਸਾਂਝੇ ਬਿਆਨ 'ਤੇ ਦਸਤਖਤ?
ਰਿਪੋਰਟਾਂ ਮੁਤਾਬਕ ਭਾਰਤ ਨੇ ਦਸਤਖਤ ਇਸ ਕਰਕੇ ਨਹੀਂ ਕੀਤੇ ਕਿਉਂਕਿ ਇਸ ਵਿਚ 22 ਅਪ੍ਰੈਲ ਨੂੰ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਦਾ ਕੋਈ ਜ਼ਿਕਰ ਨਹੀਂ ਸੀ, ਜਿਸ ਵਿਚ 26 ਲੋਕ ਮਾਰੇ ਗਏ ਸਨ। ਭਾਰਤ ਦਾ ਮੰਨਣਾ ਹੈ ਕਿ ਅਜਿਹਾ ਕਰਨਾ ਅੱਤਵਾਦ ਵਿਰੋਧੀ ਭਾਰਤ ਦੀ ਸਥਿਤੀ ਨੂੰ ਕਮਜ਼ੋਰ ਕਰੇਗਾ।
ਸ਼ਾਂਤੀ ਅਤੇ ਅੱਤਵਾਦ ਇਕੱਠੇ ਨਹੀਂ ਚੱਲ ਸਕਦੇ
ਰੱਖਿਆ ਮੰਤਰੀ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਖੇਤਰ ਦੀ ਸਭ ਤੋਂ ਵੱਡੀ ਚੁਣੌਤੀ ਸ਼ਾਂਤੀ, ਸੁਰੱਖਿਆ ਅਤੇ ਭਰੋਸੇ ਦੀ ਘਾਟ ਹੈ। ਉਨ੍ਹਾਂ ਕਿਹਾ ਕਿ ਸ਼ਾਂਤੀ ਅਤੇ ਖੁਸ਼ਹਾਲੀ ਨੂੰ ਬਣਾਈ ਰੱਖਣ ਲਈ ਅੱਤਵਾਦ ਖ਼ਤਮ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਅੱਤਵਾਦੀਆਂ ਨੂੰ ਨਿਊਕਲੀਅਰ ਜਾਂ ਸਮੂਹਕ ਤਬਾਹੀ ਵਾਲੇ ਹਥਿਆਰ ਮਿਲ ਜਾਂਦੇ ਹਨ, ਤਾਂ ਖੇਤਰ ਵਿਚ ਸ਼ਾਂਤੀ ਦੀ ਉਮੀਦ ਕਰਨੀ ਫਜ਼ੂਲ ਹੋਵੇਗੀ।
SCO ਨੂੰ ਦੋਹਰੇ ਮਾਪਦੰਡ ਛੱਡਣੇ ਪੈਣਗੇ
ਰਾਜਨਾਥ ਸਿੰਘ ਨੇ ਆਖ਼ਰ ਵਿਚ ਕਿਹਾ ਕਿ ਜਿਹੜੇ ਦੇਸ਼ ਆਪਣੇ ਸਿਆਸੀ ਲਾਭ ਲਈ ਅੱਤਵਾਦ ਦੀ ਪਾਲਣਾ ਕਰ ਰਹੇ ਹਨ, ਉਨ੍ਹਾਂ ਨੂੰ ਇਸ ਦੀ ਕੀਮਤ ਚੁਕਾਉਣੀ ਪਏਗੀ। SCO ਨੂੰ ਇਨ੍ਹਾਂ ਦੇਸ਼ਾਂ ਦੀ ਆਲੋਚਨਾ ਕਰਨ 'ਚ ਹਿਚਕ ਨਹੀਂ ਕਰਨੀ ਚਾਹੀਦੀ। ਇਸ ਪੂਰੇ ਘਟਨਾ ਚਕਰ ਨੇ ਇਕ ਵਾਰ ਫਿਰ ਭਾਰਤ ਦੇ ਅੱਤਵਾਦ ਵਿਰੋਧੀ ਪੱਕੇ ਰੁਖ ਨੂੰ ਦਰਸਾਇਆ ਹੈ।