ਘਰ 'ਚੋਂ ਮਿਲੀ ਇਸਰੋ ਵਿਗਿਆਨੀ ਸੁਰੇਸ਼ ਕੁਮਾਰ ਦੀ ਲਾਸ਼, ਹੱਤਿਆ ਦਾ ਖਦਸ਼ਾ

10/02/2019 12:42:01 PM

ਹੈਦਰਾਬਾਦ— ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਨੈਸ਼ਨਲ ਰਿਮੋਟ ਸੈਂਸਿੰਗ ਸੈਂਟਰ (ਐੱਨ. ਆਰ. ਐੱਸ. ਸੀ.) 'ਚ  ਕੰਮ ਕਰਨ ਵਾਲੇ ਵਿਗਿਆਨੀ ਐੱਸ. ਆਰ. ਸੁਰੇਸ਼ ਕੁਮਾਰ ਅਮਨਪ੍ਰੀਤ ਸਥਿਤ ਆਪਣੀ ਰਿਹਾਇਸ਼ 'ਚ ਸ਼ੱਕੀ ਹਲਾਤਾਂ 'ਚ ਮ੍ਰਿਤਕ ਮਿਲੇ। ਪੁਲਸ ਮੁਤਾਬਕ ਉਨ੍ਹਾਂ ਦੀ ਪਿੱਠ ਅਤੇ ਸਿਰ 'ਤੇ ਜ਼ਖਮ ਦੇ ਨਿਸ਼ਾਨ ਸਨ। ਇਹ ਘਟਨਾ ਮੰਗਲਵਾਰ ਸ਼ਾਮ ਦੀ ਹੈ। ਪੁਲਸ ਇਸ ਨੂੰ ਹੱਤਿਆ ਮੰਨ ਰਹੀ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਅੱਗੇ ਦੀ ਜਾਂਚ ਚੱਲ ਰਹੀ ਹੈ।

56 ਸਾਲ ਦੇ ਸੁਰੇਸ਼ ਕੁਮਾਰ ਐੱਨ. ਆਰ. ਐੱਸ. ਸੀ. ਦੇ ਫੋਟੋ ਸੈਸ਼ਨ 'ਚ ਅਧਿਕਾਰੀ ਸਨ। ਸ਼ੁਰੂਆਤੀ ਜਾਂਚ ਤੋਂ ਬਾਅਦ ਪੁਲਸ ਦਾ ਕਹਿਣਾ ਹੈ ਕਿ ਹੱਤਿਆ ਨਿਜੀ ਕਾਰਨਾਂ ਕਰ ਕੇ ਹੋਈ ਹੈ। ਇੱਥੇ ਦੱਸ ਦੇਈਏ ਕਿ ਸੁਰੇਸ਼ ਦੀ ਪਤਨੀ ਇੰਦਰਾ, ਇੰਡੀਅਨ ਬੈਂਕ ਦੀ ਚੇਨਈ ਸ਼ਾਖਾ 'ਚ ਮੈਨੇਜਰ ਦੇ ਤੌਰ 'ਤੇ ਕੰਮ ਕਰ ਰਹੀ ਹੈ ਅਤੇ ਆਪਣੀ ਬੇਟੀ ਨਾਲ ਰਹਿੰਦੀ ਹੈ। ਉਨ੍ਹਾਂ ਦਾ ਬੇਟਾ ਅਮਰੀਕਾ ਵਿਚ ਹੈ। ਸੁਰੇਸ਼ ਕੁਮਾਰ ਧਰਮ ਰੋਡ ਸਥਿਤ ਅਪਾਰਟਮੈਂਟ 'ਚ ਇਕੱਲੇ ਰਹਿੰਦੇ ਸਨ। ਸੁਰੇਸ਼ ਇੱਥੇ ਪਿਛਲੇ 20 ਸਾਲਾਂ ਤੋਂ ਰਹਿ ਰਹੇ ਸਨ। ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਗੁਆਂਢੀ ਨੇ ਦੱਸਿਆ ਕਿ ਸੁਰੇਸ਼ ਸੋਮਵਾਰ ਦੀ ਸ਼ਾਮ ਕਰੀਬ 5:30 ਵਜੇ ਦਫਤਰ ਤੋਂ ਬਾਰਿਸ਼ ਕਾਰਨ ਗਿੱਲੇ ਹੋ ਕੇ ਪਰਤੇ ਸਨ। ਉਹ ਮੰਗਲਵਾਰ ਨੂੰ ਕੰਮ 'ਤੇ ਵੀ ਨਹੀਂ ਗਏ। 

ਉਨ੍ਹਾਂ ਦੇ ਸਾਥੀ ਨੇ ਮੋਬਾਇਲ ਫੋਨ 'ਤੇ ਉਨ੍ਹਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਨ੍ਹਾਂ ਦਾ ਫੋਨ ਬੰਦ ਆ ਰਿਹਾ ਸੀ। ਪਰਿਵਾਰ ਦੇ ਮੈਂਬਰਾਂ ਨੂੰ ਉਦੋਂ ਸ਼ੱਕ ਹੋਇਆ, ਜਦੋਂ ਉਨ੍ਹਾਂ ਨੇ ਸਵੇਰੇ ਵਟਸਐਪ 'ਤੇ ਗੱਲਬਾਤ ਨਹੀਂ ਕੀਤੀ। ਪਤਨੀ ਇੰਦਰਾ ਨੇ ਸੁਰੇਸ਼ ਦੇ ਸਾਥੀ ਤੋਂ ਇਹ ਜਾਣਨ ਦੀ ਕੋਸ਼ਿਸ਼ ਕਿ ਉਹ ਦਫਤਰ ਪੁੱਜੇ ਹਨ ਜਾਂ ਨਹੀਂ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਦਫਤਰ ਨਹੀਂ ਗਏ ਤਾਂ ਉਨ੍ਹਾਂ ਨੂੰ ਚਿੰਤਾ ਹੋਣ ਲੱਗੀ। ਸੁਰੇਸ਼ ਦੇ ਰਿਸ਼ਤੇਦਾਰ ਜੋ ਕਿ ਉਸੇ ਅਪਾਰਟਮੈਂਟ 'ਚ ਰਹਿੰਦੇ ਹਨ, ਉਨ੍ਹਾਂ ਦੇ ਸਾਥੀ ਨਾਲ ਘਰ ਪੁੱਜੇ। ਉਨ੍ਹਾਂ ਨੂੰ ਘਰ ਅੰਦਰੋਂ ਬੰਦ ਮਿਲਿਆ, ਜਿਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ। ਜਾਣਕਾਰੀ ਮਿਲਣ ਮਗਰੋਂ ਪਰਿਵਾਰ ਚੇਨਈ ਤੋਂ ਰਵਾਨਾ ਹੋਇਆ ਅਤੇ ਸ਼ਾਮ ਦੇ ਸਾਢੇ 5 ਵਜੇ ਘਰ ਪੁੱਜੇ। ਪੁਲਸ ਨੇ ਪਰਿਵਾਰ ਦੀ ਮੌਜੂਦਗੀ 'ਚ ਦਰਵਾਜ਼ਾ ਖੋਲ੍ਹਿਆ ਤਾਂ ਸੁਰੇਸ਼ ਮ੍ਰਿਤਕ ਮਿਲੇ। ਪੁਲਸ ਨੂੰ ਅਪਾਰਟਮੈਂਟ 'ਚ ਕੋਈ ਸੀ. ਸੀ. ਟੀ. ਵੀ. ਫੁਟੇਜ ਨਹੀਂ ਮਿਲੀ। ਪੁਲਸ ਜਾਂਚ 'ਚ ਜੁੱਟੀ ਹੋਈ ਹੈ।


Tanu

Content Editor

Related News