ਇਸਰੋ ਦਾ 101ਵਾਂ ਮਿਸ਼ਨ : PSLV-C61 ਦੇ ਲਾਂਚ ਦੀ ਉਲਟੀ ਗਿਣਤੀ ਸ਼ੁਰੂ

Saturday, May 17, 2025 - 01:45 PM (IST)

ਇਸਰੋ ਦਾ 101ਵਾਂ ਮਿਸ਼ਨ : PSLV-C61 ਦੇ ਲਾਂਚ ਦੀ ਉਲਟੀ ਗਿਣਤੀ ਸ਼ੁਰੂ

ਸ਼੍ਰੀਹਰੀਕੋਟਾ- ਪੋਲਰ ਸੈਟੇਲਾਈਟ ਲਾਂਚ ਵਹੀਕਲ (ਪੀ.ਐੱਸ.ਐੱਲ.ਵੀ.) ਰਾਕੇਟ ਰਾਹੀਂ ਧਰਤੀ ਨਿਰੀਖਣ ਸੈਟੇਲਾਈਟ ਦੇ ਲਾਂਚ ਲਈ 22 ਘੰਟਿਆਂ ਦੀ ਉਲਟੀ ਗਿਣਤੀ ਸ਼ਨੀਵਾਰ ਨੂੰ ਇੱਥੇ ਸ਼ੁਰੂ ਹੋ ਗਈ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਪੀਐੱਸਐੱਲਵੀ-ਸੀ61 ਦਾ ਲਾਂਚ 18 ਮਈ ਨੂੰ ਸਵੇਰੇ 5.59 ਵਜੇ ਸ਼੍ਰੀਹਰੀਕੋਟਾ ਸਥਿਤ ਪੁਲਾੜ ਕੇਂਦਰ ਦੇ ਪਹਿਲੇ ਲਾਂਚ ਪੈਡ ਤੋਂ ਕੀਤਾ ਜਾਵੇਗਾ। ਇਹ ਪੁਲਾੜ ਏਜੰਸੀ ਇਸਰੋ ਦਾ 101ਵਾਂ ਮਿਸ਼ਨ ਹੈ। ਸੂਤਰਾਂ ਨੇ ਦੱਸਿਆ,"ਸ਼ਨੀਵਾਰ ਸਵੇਰੇ 7.59 ਵਜੇ ਉਲਟੀ ਗਿਣਤੀ ਸ਼ੁਰੂ ਹੋ ਗਈ। ਕੁੱਲ 22 ਘੰਟਿਆਂ ਦੀ ਉਲਟੀ ਗਿਣਤੀ ਹੈ।" PSLV ਆਪਣੇ 63ਵੇਂ ਮਿਸ਼ਨ 'ਚ ਧਰਤੀ ਨਿਰੀਖਣ ਸੈਟੇਲਾਈਟ (EOS-09) ਲੈ ਕੇ ਜਾਵੇਗਾ, ਜੋ ਕਿ ਹਰ ਮੌਸਮ 'ਚ ਧਰਤੀ ਦੀ ਸਤ੍ਹਾ ਦੀਆਂ ਉੱਚ-ਗੁਣਵੱਤਾ ਵਾਲੀਆਂ ਤਸਵੀਰਾਂ ਲੈਣ ਦੇ ਸਮਰੱਥ ਹੋਵੇਗਾ। ਸੈਟੇਲਾਈਟ ਦੁਆਰਾ ਖਿੱਚੀਆਂ ਗਈਆਂ 24 ਘੰਟੇ ਦੀਆਂ ਤਸਵੀਰਾਂ ਖੇਤੀਬਾੜੀ, ਜੰਗਲਾਤ ਨਿਗਰਾਨੀ, ਆਫ਼ਤ ਪ੍ਰਬੰਧਨ, ਸ਼ਹਿਰੀ ਯੋਜਨਾਬੰਦੀ ਅਤੇ ਰਾਸ਼ਟਰੀ ਸੁਰੱਖਿਆ ਵਰਗੇ ਕਾਰਜਾਂ ਲਈ ਮਹੱਤਵਪੂਰਨ ਹੋਣਗੀਆਂ। ਲਗਭਗ 1,696.24 ਕਿਲੋਗ੍ਰਾਮ ਭਾਰ ਵਾਲਾ EOS-09 ਸੈਟੇਲਾਈਟ ਹੈ, ਧਰਤੀ ਨਿਰੀਖਣ ਸੈਟੇਲਾਈਟਾਂ ਦੇ ਸਮੂਹ 'ਚ ਸ਼ਾਮਲ ਹੋਵੇਗਾ।

ਇਸ ਮਿਸ਼ਨ ਦਾ ਮਕਸਦ ਦੇਸ਼ ਭਰ 'ਚ ਵਾਪਰ ਰਹੀਆਂ ਘਟਨਾਵਾਂ ਬਾਰੇ ਅਸਲ-ਸਮੇਂ ਦੀ ਜਾਣਕਾਰੀ ਇਕੱਠੀ ਕਰਨ ਦੀ ਜ਼ਰੂਰਤ ਨੂੰ ਪੂਰਾ ਕਰਨਾ ਹੈ। ਧਰਤੀ ਨਿਰੀਖਣ ਸੈਟੇਲਾਈਟ-09, ਸਾਲ 2022 'ਚ ਲਾਂਚ ਕੀਤੇ ਗਏ EOS-04 ਦੇ ਸਮਾਨ ਇਕ ਸੈਟੇਲਾਈਟ ਹੈ। PSLV-C61 ਰਾਕੇਟ 17 ਮਿੰਟ ਦੀ ਯਾਤਰਾ ਤੋਂ ਬਾਅਦ EOS-09 ਸੈਟੇਲਾਈਟ ਨੂੰ ਸਨ ਸਿੰਕ੍ਰੋਨਸ ਪੋਲਰ ਔਰਬਿਟ (SSPO) 'ਚ ਰੱਖ ਸਕਦਾ ਹੈ। ਸੈਟੇਲਾਈਟ ਦੇ ਲੋੜੀਂਦੇ ਪੰਧ 'ਚ ਵੱਖ ਹੋਣ ਤੋਂ ਬਾਅਦ, ਵਿਗਿਆਨੀ ਬਾਅਦ 'ਚ ਪੰਧ ਦੀ ਉਚਾਈ ਨੂੰ ਘਟਾਉਣ ਲਈ ਵਾਹਨ 'ਤੇ 'ਔਰਬਿਟ ਚੇਂਜ ਥ੍ਰਸਟਰਸ' (OCT) ਦੀ ਵਰਤੋਂ ਕਰਨਗੇ। ਇਸਰੋ ਨੇ ਕਿਹਾ ਕਿ EOS-09 ਦੇ ਮਿਸ਼ਨ ਦੀ ਮਿਆਦ ਪੰਜ ਸਾਲ ਹੈ। ਵਿਗਿਆਨੀਆਂ ਦੇ ਅਨੁਸਾਰ, ਸੈਟੇਲਾਈਟ ਦੇ ਪ੍ਰਭਾਵਸ਼ਾਲੀ ਮਿਸ਼ਨ ਜੀਵਨ ਤੋਂ ਬਾਅਦ ਇਸ ਨੂੰ ਡੀ-ਆਰਬਿਟ ਕਰਨ ਲਈ ਕਾਫ਼ੀ ਬਾਲਣ ਰਾਖਵਾਂ ਰੱਖਿਆ ਗਿਆ ਹੈ ਤਾਂ ਜੋ ਇਸ ਨੂੰ ਦੋ ਸਾਲਾਂ ਦੇ ਅੰਦਰ-ਅੰਦਰ ਪੰਧ 'ਚ ਹੇਠਾਂ ਲਿਆਂਦਾ ਜਾ ਸਕੇ, ਜਿਸ ਨਾਲ ਮਲਬੇ-ਮੁਕਤ ਮਿਸ਼ਨ ਨੂੰ ਯਕੀਨੀ ਬਣਾਇਆ ਜਾ ਸਕੇ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

DIsha

Content Editor

Related News