ਇਜ਼ਰਾਇਲੀ ਦੂਤਘਰ ਧਮਾਕੇ ਦੀ ਜੈਸ਼-ਉਲ-ਹਿੰਦ ਨੇ ਲਈ ਜ਼ਿੰਮੇਵਾਰੀ, ਆਪਣੀ ਪੋਸਟ ’ਚ ਕੀਤਾ ਦਾਅਵਾ

01/30/2021 3:16:20 PM

ਨਵੀਂ ਦਿੱਲੀ— ਦਿੱਲੀ ’ਚ ਇਜ਼ਰਾਇਲੀ ਦੂਤਘਰ ਦੇ ਨੇੜੇ ਹੋਏ ਧਮਾਕੇ ਦੀ ਜ਼ਿੰਮੇਵਾਰੀ ਜੈਸ਼-ਉਲ-ਹਿੰਦ ਸੰਗਠਨ ਨੇ ਲਈ ਹੈ। ਇਸ ਸੰਗਠਨ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਹੀ ਇਜ਼ਰਾਇਲੀ ਦੂਤਘਰ ਦੇ ਨੇੜੇ ਧਮਾਕਾ ਕਰਵਾਇਆ ਹੈ। ਮੈਸਜਿੰਗ ਐਪ ਟੈਲੀਗ੍ਰਾਮ ਦੇ ਸੰਦੇਸ਼ ਰਾਹੀਂ ਇਸ ਗੱਲ ਦੀ ਪੁਸ਼ਟੀ ਦਾ ਦਾਅਵਾ ਕੀਤਾ ਜਾ ਰਿਹਾ ਹੈ। ਹਾਲਾਂਕਿ ਇਸ ਦੀ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਹੋਈ ਹੈ। 

PunjabKesari
ਖ਼ੁਫੀਆਂ ਏਜੰਸੀਆਂ ਨੇ ਟੈਲੀਗ੍ਰਾਮ ’ਤੇ ਇਕ ਚੈਟ ਦੇਖਿਆ ਹੈ, ਜਿਸ ’ਚ ਕਿਹਾ ਗਿਆ ਹੈ ਕਿ ਸਰਬ ਸ਼ਕਤੀਮਾਨ ਅੱਲ੍ਹਾ ਦੀ ਕ੍ਰਿਪਾ ਅਤੇ ਮਦਦ ਨਾਲ ਜੈਸ਼-ਉਲ-ਹਿੰਦ ਦੇ ਸੈਨਿਕ ਦਿੱਲੀ ਦੇ ਇਕ ਹਾਈ ਸਕਿਓਰਿਟੀ ਇਲਾਕੇ ਵਿਚ ਘੁਸਪੈਠ ਕਰਨ ਅਤੇ ਆਈ. ਈ. ਡੀ. ਹਮਲੇ ਨੂੰ ਅੰਜ਼ਾਮ ਦੇ ਸਕੇ। ਸੰਦੇਸ਼ ’ਚ ਇਹ ਵੀ ਕਿਹਾ ਗਿਆ ਹੈ ਕਿ ਇਨ੍ਹਾਂ ਹਮਲਿਆਂ ਦੀ ਇਕ ਲੜੀ ਦੀ ਸ਼ੁਰੂਆਤ ਹੈ, ਜੋ ਪ੍ਰਮੁੱਖ ਭਾਰਤੀ ਸ਼ਹਿਰਾਂ ਨੂੰ ਨਿਸ਼ਾਨਾ ਬਣਾਏਗਾ ਅਤੇ ਭਾਰਤ ਸਰਕਾਰ ਵਲੋਂ ਕੀਤੇ ਗਏ ਅੱਤਿਆਚਾਰਾਂ ਦਾ ਬਦਲਾ ਲਵੇਗਾ। 

ਰਾਜਧਾਨੀ ਦੇ ਪਾਸ਼ ਇਲਾਕੇ 'ਚ ਸਥਿਤ ਇਜ਼ਰਾਇਲੀ ਦੂਤਘਰ ਕੋਲ ਹੋਏ ਧਮਾਕੇ ਦੇ ਮਾਮਲੇ 'ਚ ਪੁਲਸ ਨੂੰ ਅਹਿਮ ਸੁਰਾਗ ਦੇ ਤੌਰ 'ਤੇ ਇਕ ਚਿੱਠੀ ਅਤੇ ਸੀ.ਸੀ.ਟੀ.ਵੀ. ਫੁਟੇਜ 'ਚ 2 ਸ਼ੱਕੀਆਂ ਬਾਰੇ ਪਤਾ ਲੱਗਾ ਹੈ। ਚਿੱਠੀ 'ਚ ਵਿਸਫ਼ੋਟ ਨੂੰ ਟਰੇਲਰ ਦੱਸਿਆ ਗਿਆ ਹੈ। ਇਸ ਚਿੱਠੀ 'ਚ ਇਰਾਨੀ ਫ਼ੌਜ ਦੇ ਕਮਾਂਡਰ ਮੇਜਰ ਜਨਰਲ ਕਾਸਿਮ ਸੁਲੇਮਾਨੀ ਅਤੇ ਇਰਾਨ ਦੇ ਪਰਮਾਣੂੰ ਵਿਗਿਆਨੀ ਡਾ. ਮੋਹਸੀਨ ਫ਼ਖ਼ਰੀਜਦਾ ਦਾ ਨਾਂ ਲਿਖਿਆ ਹੈ। ਚਿੱਠੀ ਤੋਂ ਇਲਾਵਾ ਹਾਦਸੇ ਵਾਲੀ ਜਗ੍ਹਾ ਤੋਂ ਮਿਲੇ ਸੀ.ਸੀ.ਟੀ.ਵੀ. ਫੁਟੇਜ ਅਤੇ ਦਿੱਲੀ ਪੁਲਸ ਦੀ ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ ਵਿਸਫ਼ੋਟ ਤੋਂ ਪਹਿਲਾਂ 2 ਸ਼ੱਕੀ ਹਾਦਸੇ ਵਾਲੀ ਜਗ੍ਹਾ ਆਏ ਸਨ। ਦਿੱਲੀ ਪੁਲਸ ਨੇ ਕੈਬ ਦੀ ਪਛਾਣ ਕਰ ਲਈ ਹੈ ਅਤੇ ਚਾਲਕ ਤੋਂ ਪੁੱਛ-ਗਿੱਛ ਕਰ ਕੇ ਦੋਹਾਂ ਸ਼ੱਕੀਆਂ ਬਾਰੇ ਜਾਣਕਾਰੀ ਹਾਸਲ ਕਰ ਲਈ ਹੈ।

ਦੱਸ ਦੇਈਏ ਕਿ ਦਿੱਲੀ ਵਿਖੇ ਏ. ਪੀ. ਜੇ. ਅਬਦੁੱਲ ਕਲਾਮ ਰੋਡ ’ਤੇ ਸਥਿਤ ਇਜ਼ਰਾਇਲੀ ਦੂਤਘਰ ਨੇੜੇ ਸ਼ੁੱਕਰਵਾਰ ਸ਼ਾਮ ਨੂੰ ਆਈ. ਈ. ਡੀ. ਧਮਾਕਾ ਹੋਇਆ। ਚੰਗੀ ਗੱਲ ਇਹ ਰਹੀ ਕਿ ਇਸ ਧਮਾਕੇ ਵਿਚ ਕੋਈ ਜ਼ਖਮੀ ਨਹੀਂ ਹੋਇਆ। ਪੁਲਸ ਇਸ ਘਟਨਾ ਦੀ ਹਰ ਪੱਧਰ ’ਤੇ ਜਾਂਚ ਕਰ ਰਹੀ ਹੈ।


Tanu

Content Editor

Related News