ਕੋਰੋਨਾ : ਰੋਜ਼ਾਨਾ ਡੇਢ ਲੱਖ ਲੋਕਾਂ ਦਾ ਢਿੱਡ ਭਰ ਰਿਹੈ ਇਹ ਇਸਕਾਨ ਮੰਦਰ
Wednesday, Apr 01, 2020 - 02:46 AM (IST)
ਨਵੀਂ ਦਿੱਲੀ — ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਹਾਲਾਤ ਦੀ ਗੰਭੀਰਤਾ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਦੇਸ਼ 'ਚ 21 ਦਿਨ ਦਾ ਲਾਕਡਾਊਨ ਲਾਗੂ ਕੀਤਾ ਹੈ। ਲਾਕਡਾਊਨ ਦੇ ਬਾਵਜੂਦ ਵੱਡੀ ਗਿਣਤੀ 'ਚ ਮਜ਼ਦੂਰ ਰਾਸ਼ਟਰੀ ਰਾਜਧਾਨੀ ਦਿੱਲੀ ਤੋਂ ਆਪਣੇ ਘਰ ਰਵਾਨਾ ਹੋਏ। ਕੇਂਦਰ ਅਤੇ ਸੂਬਾ ਸਰਕਾਰ ਹਰ ਕਿਸੇ ਨੂੰ ਭੋਜਨ ਅਤੇ ਜ਼ਰੂਰੀ ਵਸਤੂਆਂ ਦੀ ਉਪਲਬੱਧਤਾ ਯਕੀਨੀ ਕਰਨ ਦਾ ਭਰੋਸਾ ਦਿੰਦੀ ਰਹੀ ਪਰ ਜ਼ਿਆਦਾਤਰ ਪ੍ਰਵਾਸੀ ਮਜ਼ਦੂਰਾਂ ਨੇ ਘਰ ਜਾਣ ਦਾ ਕਾਰਨ ਲਾਕਡਾਊਨ ਦੱਸਿਆ।
ਅਜਿਹੇ ਮਾਹੌਲ 'ਚ ਜਦੋਂ ਭੁੱਖ ਕਾਰਨ ਲੋਕ ਸ਼ਹਿਰ ਛੱਡ ਕੇ ਆਪਣੇ ਪਿੰਡ ਜਾਣ ਨੂੰ ਮਜ਼ਬੂਰ ਹੋ ਰਹੇ ਹਨ। ਦਿੱਲੀ 'ਚ ਇਕ ਕਿਚਨ ਅਜਿਹਾ ਵੀ ਹੈ, ਜਿਥੇ ਰੋਜ਼ਾਨਾ ਇਕ-ਦੋ-ਤਿੰਨ ਹਜ਼ਾਰ ਨਹੀਂ, ਪੂਰੇ ਡੇਢ ਲੱਖ ਲੋਕਾਂ ਦਾ ਖਾਣਾ ਬਣ ਰਿਹਾ ਹੈ। ਉਹ ਵੀ ਤੇਲ ਨਹੀਂ, ਗਾਂ ਦੇ ਸ਼ੁੱਧ ਘਿਓ ਨਾਲ। ਦਿੱਲੀ ਦੇ ਦਵਾਰਕਾ 'ਚ ਸਥਿਤ ਇਸਕਾਨ ਮੰਦਰ ਰੋਜ਼ਾਨਾ ਸੱਤ ਵਿਧਾਨ ਸਭਾ ਖੇਤਰਾਂ ਦੇ ਕਰੀਬ ਡੇਢ ਲੱਖ ਨਿਵਾਸੀਆਂ ਦਾ ਢਿੱਡ ਭਰ ਰਿਹਾ ਹੈ। ਅਜਿਹਾ ਬਗੈਰ ਕਿਸੇ ਸਰਕਾਰੀ ਸਹਾਇਤਾ ਤੋਂ ਕੀਤਾ ਜਾ ਰਿਹਾ ਹੈ। ਮੰਦਰ ਦੇ ਇਸ ਪਹਿਲ ਦੀ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਵੀ ਮੁਰੀਦ ਹੋ ਗਈ ਹੈ।
ਕੋਰੋਨਾ ਨਾਲ ਲੜਨ ਲਈ ਜ਼ਰੂਰੀ ਰੋਗ ਰੋਧਕ ਸਮਰੱਥਾ 'ਚ ਵਾਧਾ ਕਰਨ ਲਈ ਖਾਣੇ 'ਚ ਦੇਸੀ ਮਸਾਲਿਆਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਇਸ 'ਚ ਜਾਵਿਤਰੀ, ਜਾਏਫਲ, ਲੌਂਗ, ਕਾਲੀ ਮਿਰਚ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਇਥੇ ਖਾਣੇ 'ਚ ਦੇਸੀ ਘਿਓ ਦੇ ਤੜਕੇ ਦੀ ਦਾਲ ਅਤੇ ਖੁਸ਼ਬੂ ਵਾਲੇ ਚਾਵਲ ਮਿਲ ਰਹੇ ਹਨ। ਇਸ ਦੇ ਲਈ ਸਵੇਰੇ 5 ਵਜੇ ਤੋਂ ਹੀ ਤਿਆਰੀ ਸ਼ੁਰੂ ਹੋ ਜਾਂਦੀ ਹੈ ਅਤੇ ਰਾਤ 10 ਵਜੇ ਤਕ ਇਹ ਸਿਲਸਿਲਾ ਚੱਲਦਾ ਹੈ।