150 ਤੋਂ ਵੱਧ ਅੱਤਵਾਦੀਆਂ ਨੂੰ ਕਸ਼ਮੀਰ ਭੇਜਣ ਦੀ ਤਿਆਰੀ ’ਚ ਆਈ. ਐੱਸ. ਆਈ.
Wednesday, Sep 07, 2022 - 11:27 AM (IST)
ਨੈਸ਼ਨਲ ਡੈਸਕ– ਇਸ ਸਾਲ ਬਰਫਬਾਰੀ ਦੇ ਸੀਜ਼ਨ ਤੋਂ ਪਹਿਲਾਂ ਪਾਕਿਸਤਾਨ ਤੋਂ ਵੱਡੀ ਗਿਣਤੀ ’ਚ ਅੱਤਵਾਦੀ ਮਕਬੂਜ਼ਾ ਕਸ਼ਮੀਰ ਰਾਹੀਂ ਕਸ਼ਮੀਰ ’ਚ ਘੁਸਪੈਠ ਕਰਨ ਦੀ ਕੋਸ਼ਿਸ਼ ’ਚ ਹਨ। ਸੁਰੱਖਿਆ ਏਜੰਸੀਆਂ ਨੂੰ ਜਾਣਕਾਰੀ ਮਿਲੀ ਹੈ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਨੇ ਇਸ ਮੰਤਵ ਲਈ 9 ਲਾਂਚਿੰਗ ਪੈਡ ਤਿਆਰ ਰੱਖੇ ਹੋਏ ਹਨ।
ਇਨ੍ਹਾਂ ਲਾਂਚਿੰਗ ਪੈਡਾਂ ’ਚ 150 ਤੋਂ ਜ਼ਿਆਦਾ ਅੱਤਵਾਦੀ ਘੁਸਪੈਠ ਕਰਨ ਦੀ ਕੋਸ਼ਿਸ਼ ਕਰਨਗੇ। ਇਕ ਅਧਿਕਾਰੀ ਦੇ ਹਵਾਲੇ ਨਾਲ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਘੁਸਪੈਠ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਲਈ ਸਰਹੱਦ ’ਤੇ ਬੀ. ਐੱਸ. ਐੱਫ. ਅਤੇ ਫੌਜ ਦੀ ਗਸ਼ਤ ਵਧਾ ਦਿੱਤੀ ਗਈ ਹੈ। ਘੁਸਪੈਠ ਦੇ ਸਾਰੇ ਰਸਤੇ ਬੰਦ ਹੁੰਦੇ ਦੇਖ ਕੇ ਅੱਤਵਾਦੀ ਹੁਣ ਨਵੇਂ ਰੂਟਾਂ ਰਾਹੀਂ ਜੰਮੂ-ਕਸ਼ਮੀਰ ’ਚ ਦਾਖਲ ਹੋਣ ਦੀ ਸਾਜ਼ਿਸ਼ ਰਚ ਰਹੇ ਹਨ।
ਸਿਖਲਾਈ ਲੈ ਚੁਕੇ ਹਨ ਅੱਤਵਾਦੀ
ਰਿਪੋਰਟ ਮੁਤਾਬਕ ਆਈ. ਐੱਸ. ਆਈ. ਦੀ ਸਰਦੀਆਂ ਦੇ ਮੌਸਮ ਤੋਂ ਪਹਿਲਾਂ ਅੱਤਵਾਦੀਆਂ ਦੀ ਘੁਸਪੈਠ ਕਰਵਾਉਣ ਦੀ ਯੋਜਨਾ ਹੈ ਕਿਉਂਕਿ ਬਰਫਬਾਰੀ ਤੋਂ ਬਾਅਦ ਘੁਸਪੈਠ ਦੇ ਰਸਤੇ ਬੰਦ ਹੋ ਜਾਂਦੇ ਹਨ। ਇਸ ਸਮੇਂ ਬਰਸਾਤ ਦੇ ਦਿਨਾਂ ਵਿੱਚ ਮੱਕੀ ਅਤੇ ਸੰਘਣੇ ਘਾਹ ਦੀ ਆੜ ਹੇਠ ਘੁਸਪੈਠ ਕੀਤੀ ਜਾ ਸਕਦੀ ਹੈ।
ਸੂਤਰਾਂ ਮੁਤਾਬਕ ਪਾਕਿਸਤਾਨ ਤੋਂ ਅੱਤਵਾਦੀਆਂ ਨੂੰ ਉੱਤਰੀ ਕਸ਼ਮੀਰ, ਪੁੰਛ ਅਤੇ ਨੌਸ਼ਹਿਰਾ ਸੈਕਟਰਾਂ ’ਚ ਘੁਸਪੈਠ ਕਰਨ ਦੀ ਤਿਆਰੀ ਕੀਤੀ ਗਈ ਹੈ। ਹਾਲਾਂਕਿ ਸੁਰੱਖਿਆ ਏਜੰਸੀਆਂ ਦੇ ਇਨਪੁਟਸ ਅਨੁਸਾਰ ਇਸ ਸਮੇਂ 150 ਅੱਤਵਾਦੀ ਸਰਹੱਦ ਪਾਰ ਅੱਤਵਾਦੀ ਕੈਂਪਾਂ ਵਿੱਚ ਸਿਖਲਾਈ ਲੈ ਚੁੱਕੇ ਹਨ ਅਤੇ ਅਗਲੇ ਹੁਕਮਾਂ ਦੀ ਉਡੀਕ ਕਰ ਰਹੇ ਹਨ।
ਸਰਹੱਦ ’ਤੇ ਬੈਠ ਕੇ ਘੁਸਪੈਠ ਦੀ ਉਡੀਕ
ਇਨਪੁਟ ਮੁਤਾਬਕ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ’ਚ ਚੱਲ ਰਹੇ ਇਹ ਅੱਤਵਾਦੀ ਕੈਂਪ ਸਰਹੱਦ ਤੋਂ ਚਾਰ ਤੋਂ ਪੰਜ ਕਿਲੋਮੀਟਰ ਦੂਰ ਹਨ।
ਲਾਂਚਿੰਗ ਪੈਡਾਂ ਨੂੰ ਸਰਹੱਦ ਨਾਲ ਲੱਗਦੇ ਪਿੰਡਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਤਾਂ ਜੋ ਅੱਤਵਾਦੀਆਂ ਨੂੰ ਆਮ ਲੋਕਾਂ ਦੇ ਕੱਪੜੇ ਪਾ ਕੇ ਘੁਸਪੈਠ ਲਈ ਚੌਕੀਆਂ ਤੱਕ ਪਹੁੰਚਾਇਆ ਜਾ ਸਕੇ।
ਅਕਸਰ ਅੱਤਵਾਦੀਆਂ ਨੂੰ ਟ੍ਰੇਨਿੰਗ ਕੈਂਪ ਤੋਂ ਲਾਂਚਿੰਗ ਪੈਡ ’ਤੇ ਦੋ-ਤਿੰਨ ਦਿਨਾਂ ਤੱਕ ਰੱਖਿਆ ਜਾਂਦਾ ਹੈ ਪਰ ਭਾਰਤੀ ਫੌਜ ਦੇ ਮਜ਼ਬੂਤ ਗਰਿੱਡ ਕਾਰਨ ਹੁਣ ਇਹ ਅੱਤਵਾਦੀ ਕਈ ਦਿਨਾਂ ਤੋਂ ਪਾਕਿਸਤਾਨੀ ਫੌਜ ਦੀਆਂ ਚੌਕੀਆਂ ’ਤੇ ਬੈਠੇ ਹਨ।
ਸੂਤਰਾਂ ਦਾ ਕਹਿਣਾ ਹੈ ਕਿ ਸਰਹੱਦ ਦੇ ਨਾਲ ਲੱਗਦੇ ਪਿੰਡਾਂ ਅੰਦਰ ਲੋਕਾਂ ਦੇ ਘਰਾਂ ਵਿੱਚ ਲਾਂਚਿੰਗ ਪੈਡ ਬਣਾਏ ਗਏ ਹਨ। ਪਾਕਿਸਤਾਨੀ ਫੌਜ ਦੇ ਅਧਿਕਾਰੀ ਅਕਸਰ ਇਨ੍ਹਾਂ ਘਰਾਂ ’ਚ ਅੱਤਵਾਦੀਆਂ ਨਾਲ ਮੀਟਿੰਗਾਂ ਕਰਦੇ ਹਨ।