ਇਸ਼ਰਤ ਜਹਾਂ ਫਰਜ਼ੀ ਮੁਕਾਬਲਾ: CBI ਨੇ ਦੋਸ਼ੀ 3 ਪੁਲਸ ਅਧਿਕਾਰੀਆਂ ਨੂੰ ਕੀਤਾ ਦੋਸ਼ ਮੁਕਤ

Wednesday, Mar 31, 2021 - 06:03 PM (IST)

ਇਸ਼ਰਤ ਜਹਾਂ ਫਰਜ਼ੀ ਮੁਕਾਬਲਾ: CBI ਨੇ ਦੋਸ਼ੀ 3 ਪੁਲਸ ਅਧਿਕਾਰੀਆਂ ਨੂੰ ਕੀਤਾ ਦੋਸ਼ ਮੁਕਤ

ਅਹਿਮਦਾਬਾਦ (ਭਾਸ਼ਾ)— ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ ਸਾਲ 2004 ’ਚ ਇਸ਼ਰਤ ਜਹਾਂ ਫਰਜ਼ੀ ਮੁਕਾਬਲਾ ਮਾਮਲੇ ਵਿਚ ਦੋਸ਼ੀ ਤਿੰਨ ਪੁਲਸ ਅਧਿਕਾਰੀਆਂ- ਜੀ. ਐੱਲ. ਸਿੰਘਲ, ਤਰੁਣ ਬਰੋਤ (ਹੁਣ ਸੇਵਾ ਮੁਕਤ) ਅਤੇ ਅਨਾਜੂ ਚੌਧਰੀ ਨੂੰ ਦੋਸ਼ ਮੁਕਤ ਕਰ ਦਿੱਤਾ। ਵਿਸ਼ੇਸ਼ ਸੀ. ਬੀ. ਆਈ. ਜਸਟਿਸ ਵੀ. ਆਰ. ਰਾਵਲ ਨੇ ਸਿੰਘਲ, ਬਰੋਤ ਅਤੇ ਚੌਧਰੀ ਦੇ ਦੋਸ਼ ਮੁਕਤ ਕਰਨ ਦੀ ਬੇਨਤੀ ਨੂੰ ਮਨਜ਼ੂਰੀ ਦੇ ਦਿੱਤੀ। ਸੀ. ਬੀ. ਆਈ. ਨੇ 20 ਮਾਰਚ ਨੂੰ ਅਦਾਲਤ ਨੂੰ ਸੂਚਿਤ ਕੀਤਾ ਸੀ ਕਿ ਸੂਬਾ ਸਰਕਾਰ ਨੇ ਤਿੰਨੋਂ ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ 2020 ਦੇ ਆਦੇਸ਼ ’ਚ ਟਿੱਪਣੀ ਕੀਤੀ ਸੀ, ਉਨ੍ਹਾਂ ਨੇ (ਦੋਸ਼ੀ ਪੁਲਸ ਅਧਿਕਾਰੀਆਂ) ਅਧਿਕਾਰਤ ਜ਼ਿੰਮੇਵਾਰੀ ਤਹਿਤ ਕੰਮ ਕੀਤਾ ਸੀ, ਇਸ ਲਈ ਏਜੰਸੀ ਨੂੰ ਮੁਕੱਦਮੇ ਦੀ ਮਨਜ਼ੂਰੀ ਲੈਣ ਦੀ ਜ਼ਰੂਰਤ ਹੈ। 

ਜ਼ਿਕਰਯੋਗ ਹੈ ਕਿ 15 ਜੂਨ 2014 ਨੂੰ ਮੁੰਬਈ ਦੇ ਨੇੜੇ ਮੁਮਬਰਾ ਦੀ ਰਹਿਣ ਵਾਲੀ 19 ਸਾਲਾ ਇਸ਼ਰਤ ਜਹਾਂ ਗੁਜਰਾਤ ਪੁਲਸ ਨਾਲ ਮੁਕਾਬਲੇ ਵਿਚ ਮਾਰੀ ਗਈ ਸੀ। ਇਸ ਮੁਕਾਬਲੇ ਵਿਚ ਜਾਵੇਦ ਸ਼ੇਖ ਉਰਫ਼ ਪਿ੍ਰਨੇਸ਼ ਪਿੱਲਈ, ਅਮਜਦਲੀ ਅਕਬਰਲੀ ਰਾਣਾ ਅਤੇ ਜੀਸ਼ਾਨ ਜੌਹਰ ਵੀ ਮਾਰੇ ਗਏ ਸਨ। ਪੁਲਸ ਦਾ ਦਾਅਵਾ ਸੀ ਕਿ ਮੁਕਾਬਲੇ ਵਿਚ ਮਾਰੇ ਗਏ ਚਾਰੋਂ ਲੋਕ ਅੱਤਵਾਦੀ ਸਨ ਅਤੇ ਗੁਜਰਾਤ ਦੇ ਉਸ ਵੇਲੇ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੇ ਕਤਲ ਕਰਨ ਦੀ ਯੋਜਨਾ ਬਣਾ ਰਹੇ ਸਨ। ਹਾਲਾਂਕਿ ਹਾਈ ਕੋਰਟ ਵਲੋਂ ਗਠਿਤ ਵਿਸ਼ੇਸ਼ ਜਾਂਚ ਟੀਮ ਇਸ ਸਿੱਟੇ ’ਤੇ ਪੁੱਜੀ ਕਿ ਮੁਕਾਬਲਾ ਫਰਜ਼ੀ ਸੀ, ਜਿਸ ਤੋਂ ਬਾਅਦ ਸੀ. ਬੀ. ਆਈ. ਨੇ ਕਈ ਪੁਲਸ ਅਧਿਕਾਰੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ। 


author

Tanu

Content Editor

Related News